ਆਈ.ਪੀ.ਐਸ. ਪ੍ਰੋਬੇਸ਼ਨਰੀ ਅਧਿਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਚੰਡੀਗੜ, 06 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕਾਡਰ ਦੇ 2021 ਬੈਚ ਦੇ ਤਿੰਨ ਭਾਰਤੀ ਪੁਲਿਸ ਸੇਵਾਵਾਂ (ਆਈ.ਪੀ.ਐਸ.) ਪ੍ਰੋਬੇਸ਼ਨਰੀ ਅਫਸਰਾਂ, ਜਿਨਾਂ ਨੇ ਹਾਲ ਹੀ ਵਿੱਚ ਆਪਣੀ ਮੁੱਢਲੀ ਸਿਖਲਾਈ ਪੂਰੀ ਕੀਤੀ ਹੈ , ਦੇ ਨਵੇਂ ਬੈਚ ਨਾਲ ਪਲੇਠੀ ਮੀਟਿੰਗ ਕੀਤੀ। ਪ੍ਰੋਬੇਸ਼ਨਰੀ ਅਧਿਕਾਰੀ ਜਿਨਾਂ ਵਿੱਚ ਆਕਰਸ਼ੀ ਜੈਨ,  ਜਯੰਤ ਪੁਰੀ  ਅਤੇ ਡਾਕਟਰ ਵਿਨੀਤ ਅਹਲਾਵਤ ਸ਼ਾਮਲ ਹਨ, ਨੇ ਸੋਮਵਾਰ ਨੂੰ ਇੱਥੇ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਪੰਜਾਬ ਵਿੱਚ ਨੌਜਵਾਨ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਉਨਾਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ ਕਿਹਾ। ਉਨਾਂ ਨੇ ਰਾਜ ਦੀ ਬਿਹਤਰੀ ਲਈ ਕੰਮ ਕਰਦੇ ਹੋਏ ਇੱਕ ਆਧੁਨਿਕ ਅਤੇ ਉੱਚ ਕੁਸ਼ਲ ਪੁਲਿਸਿੰਗ ਈਕੋਸਿਸਟਮ ਤਿਆਰ ਕਰਨ ਲਈ ਵੀ ਅਪੀਲ ਕੀਤੀ। ਸ. ਮਾਨ ਨੇ ਉਕਤ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਮਝਣ ਅਤੇ ਉਨਾਂ ਦੇ ਹੱਲ ਸੁਝਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਨਵੇਂ ਭਰਤੀ ਹੋਏ ਇਨਾਂ ਸਾਰੇ ਅਧਿਕਾਰੀਆਂ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਤਾਰਿਆਂ ਵਾਂਗ ਚਮਕਦੇ ਰਹਿਣ ਦੀ ਕਾਮਨਾ ਕਰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ।