ਅਧਿਕਾਰੀਆਂ ਨੂੰ ਨਿਰਦੇਸ਼, ਬਕਾਇਆ ਪਏ ਕੰਮਾਂ ਨੂੰ ਜਲਦ ਨੇਪਰੇ ਚਾੜ੍ਹਨ:ਮੰਤਰੀ ਜਿੰਪਾ

ਹੁਸ਼ਿਆਰਪੁਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਲੋਕ ਨਿਰਮਾਣ ਵਿਭਾਗ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਬਕਾਇਆ ਪਏ ਕੰਮਾਂ ਵਿਚ ਤੇਜ਼ੀ ਲਿਆਉਂਦਿਆਂ ਇਨ੍ਹਾਂ ਨੂੰ ਜਲਦ ਨੇਪਰੇ ਚਾੜ੍ਹਨ, ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸਾਨ ਦਾ ਸਾਹਮਣਾ ਨਾ ਕਰਨਾ ਪਵੇ। ਉਹ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਬੁਲਾਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵਿਧਾਇਕ ਉੜਮੁੜ ਸ੍ਰੀ ਜਸਵੀਰ ਸਿੰਘ ਰਾਜਾ ਗਿੱਲ, ਵਿਧਾਇਕ ਦਸੂਹਾ ਸ੍ਰੀ ਕਰਮਵੀਰ ਸਿੰਘ ਘੁੰਮਣ, ਆਮ ਆਦਮੀ ਪਾਰਟੀ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਸ੍ਰੀ ਗੁਰਵਿੰਦਰ ਸਿੰਘ ਪਾਬਲਾ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਕਰਮਜੋਤ ਕੌਰ, ਪ੍ਰੋ. ਜੀ. ਐਸ ਮੁਲਤਾਨੀ ਅਤੇ ਸ੍ਰੀ ਹਰਮਿੰਦਰ ਸਿੰਘ ਸੰਧੂ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਦੀਆਂ ਮੁਰਮੰਤ ਅਤੇ ਨਿਰਮਾਣ ਅਧੀਨ ਸੜਕਾਂ ਦੇ ਕੰਮਾਂ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਜ਼ਿਲ੍ਹੇ ਦੀ ਕੋਈ ਵੀ ਮੁੱਖ ਸੜਕ ਅਜਿਹੀ ਨਾ ਰਹੇ, ਜੋ ਕਿ ਟੁੱਟੀ ਹੋਵੇ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੜਕ ਨਿਰਮਾਣ ਦੇ ਕੰਮਾਂ ਦੀ ਗੁਣਵੱਤਾ ਨੂੰ ਲੈ ਕੇ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਉੱਚ ਕੁਆਲਿਟੀ ਦੀਆਂ ਵਧੀਆ ਸੜਕਾਂ ਦਾ ਨਿਰਮਾਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕਰੇਗੀ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਕਰਦਿਆਂ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਲਿਆਉਣ ਦੀ ਹਿਦਾਇਤ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕੈਬਨਿਟ ਮੰਤਰੀ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਦਿਸ਼ਾ ਵਿਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗਾਂ ਨੂੰ ਬਕਾਇਆ ਪਏ ਕੰਮ ਪਹਿਲ ਦੇ ਆਧਾਰ ’ਤੇ ਕਰਨ ਸਬੰਧੀ ਪਹਿਲਾਂ ਦੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਇਸ ਮੌਕੇ ਐਸ. ਡੀ. ਐਮ ਦਸੂਹਾ ਸ੍ਰੀ ਤੇਜਸਵੀ ਅਲੰਕਾਰ, ਸਹਾਇਕ ਕਮਿਸ਼ਨਰ ਸ੍ਰੀ ਵਿਓਮ ਭਾਰਦਵਾਜ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।