ਝਾਕੀ ਤੇ ਮੇਰੀ ਜਾਂ ਕੇਜਰੀਵਾਲ ਦੀ ਫੋਟੋ ਲਗਾਉਣ ਦੇ ਦੋਸ਼ ਗਲਤ, ਜਾਖੜ ਸਾਬਤ ਕਰਨ ਤਾਂ ਛੱਡ ਦਿਆਂਗਾ ਸਿਆਸਤ : ਮੁੱਖ ਮੰਤਰੀ ਮਾਨ 

ਲੁਧਿਆਣਾ, 29 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ 'ਚ ਚੱਲ ਰਹੇ ਅਤੇ ਨਵੇਂ ਸ਼ੁਰੂ ਕਰਨ ਵਾਲੇ ਪ੍ਰਜੈਕਟਾਂ ਦੀ ਸਮੀਖਿਅਆ ਕਰਨ ਲਈ ਆਏ ਸਨ, ਇਸ ਉਪਰੰਤ ਮੁੱਖ ਮੰਤਰੀ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਭਾਜਪਾ ਆਗੂ ਸੁਨੀਲ ਜਾਖੜ ਨੂੰ ਪੰਜਾਬ ਸਰਕਾਰ ਦੀ ਝਾਕੀ ਬਾਰੇ ਲਗਾਏ ਆਪਣੇ ਦੋਸ਼ਾਂ ਨੂੰ ਸਾਬਤ ਕਰਨ ਦੀ ਚੁਣੌਤੀ ਦਿੱਤੀ, ਜਿਸ ਵਿੱਚ ਭਾਜਪਾ ਆਗੂ ਨੇ ਕਿਹਾ ਸੀ ਕਿ ‘ਆਪ’ ਸਰਕਾਰ ਝਾਕੀ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਦੀਆਂ ਫੋਟੋਆਂ ਲਾਉਣ ‘ਤੇ ਅੜੀ ਹੋਈ ਹੈ ਜਿਸ ਕਾਰਨ ਸਬੰਧਤ ਕਮੇਟੀ ਨੇ ਝਾਕੀ ਨੂੰ ਰੱਦ ਕਰ ਦਿੱਤਾ ਹੈ। ਇਸ ਨੂੰ ਜਾਖੜ ਦਾ ਇੱਕ ਹੋਰ ਝੂਠ ਦੱਸਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਇਹ ਦੋਸ਼ ਸਹੀ ਸਾਬਤ ਹੋਏ ਤਾਂ ਉਹ ਸਿਆਸਤ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਜਾਖੜ ਹਾਲ ਹੀ 'ਚ ਭਾਜਪਾ 'ਚ ਸ਼ਾਮਲ ਹੋਏ ਹਨ, ਇਸ ਲਈ ਉਨ੍ਹਾਂ ਨੂੰ ਭਾਜਪਾ ਦੇ ਹੋਰ ਤਜਰਬੇਕਾਰ ਆਗੂਆਂ ਵਾਂਗ ਝੂਠ ਬੋਲਣ ਦੀ ਕਲਾ 'ਚ ਅਜੇ ਪੂਰੀ ਮੁਹਾਰਤ ਹਾਸਲ ਨਹੀਂ ਹੋਈ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਆਗੂ ਅਸਲ ਤੱਥਾਂ ਨੂੰ ਛੁਪਾਉਣ ਲਈ ਹਮੇਸ਼ਾ ਆਪਣੇ ਹਾਈਕਮਾਂਡ ਤੋਂ ਤਿਆਰ-ਬਰ-ਤਿਆਰ ਸਕ੍ਰਿਪਟਾਂ ਪ੍ਰਾਪਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 26 ਜਨਵਰੀ ਨੂੰ ਪੰਜਾਬ ਭਰ ਵਿੱਚ ਹੋਣ ਵਾਲੇ ਸਾਰੇ ਸਮਾਗਮਾਂ ਵਿੱਚ ਇਨ੍ਹਾਂ ਝਾਕੀਆਂ ਨੂੰ ਸ਼ਾਮਲ ਕਰਕੇ ਸੂਬੇ ਦੀ ਅਮੀਰ ਵਿਰਾਸਤ ਨੂੰ ਲੋਕਾਂ ਅੱਗੇ ਪੇਸ਼ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਨਾਲ-ਨਾਲ ਆਜ਼ਾਦੀ ਦੀ ਪ੍ਰਾਪਤੀ ਲਈ ਸਾਡੇ ਸ਼ਹੀਦਾਂ ਦੇ ਬਲਿਦਾਨ ਨੂੰ ਪ੍ਰਦਰਸ਼ਿਤ ਕਰਨ ਲਈ 20 ਜਨਵਰੀ ਤੋਂ ਰਾਸ਼ਟਰੀ ਰਾਜਧਾਨੀ ਦੇ ਪੰਜਾਬ ਭਵਨ ਵਿਖੇ ਇਹਨਾਂ ਝਾਕੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।