ਮੈਂ ਜਿੰਦਾ ਹਾਂ ਅਤੇ ਚੜ੍ਹਦੀ ਕਲਾ ਵਿੱਚ ਹਾਂ, ਰਿੰਦਾ ਸੰਧੂ ਨਾਮ ਦੀ ਇੱਕ ਪੋਸਟ ਵਾਇਰਲ, ਮੌਤ ਬਣੀ ਸਸਪੈਂਸ

ਚੰਡੀਗੜ੍ਹ : ਬੀਤੇ ਕੱਲ੍ਹ ਤੋਂ ਮੀਡੀਆ ਅਤੇ ਸ਼ੋਸ਼ਲ ਮੀਡੀਆ ਤੇ ਪਾਕਿਸਤਾਨ ਵਿੱਚ ਰਹਿ ਰਹੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਸੀ ਮੌਤ ਹੋਣ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ, ਇਸ ਸਬੰਧੀ ਇੱਕ ਗਰੁੱਪ ਵੱਲੋਂ ਅੱਤਵਾਦੀ ਰਿੰਦਾ ਨੂੰ ਮਾਰਨ ਦੀ ਜਿੰਮੇਵਾਰੀ ਵੀ ਲਈ ਗਈ ਸੀ, ਪਰ ਅੱਜ ਸ਼ੋਸ਼ਲ ਮੀਡੀਆ ਤੇ ਰਿੰਦਾ ਸੰਧੂ ਨਾਮ ਦੀ ਇੱਕ ਪੋਸਟ ਵਾਇਰਲ ਹੋਈ ਹੈ, ਜਿਸ ਵਿੱਚ ਲਿਖਿਆ ਹੋਇਆ ਹੈ ਕਿ ਮੈਂ ਜਿੰਦਾ ਹਾਂ ਅਤੇ ਚੜ੍ਹਦੀ ਕਲਾ ਵਿੱਚ ਹਾਂ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ਕਈ ਨਿਊਜ਼ ਚੈਨਲਾਂ ‘ਤੇ ਅਜਿਹੀਆਂ ਖਬਰਾਂ ਚੱਲ ਰਹੀਆਂ ਹਨ ਕਿ ਨਸ਼ੇ ਦੀ ਓਵਰਡੋਜ਼ ਕਾਰਨ ਮੇਰੀ ਮੌਤ ਹੋ ਗਈ ਹੈ। ਮੈਂ ਨਿਊਜ਼ ਚੈਨਲ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਖ਼ਬਰ ਚਲਾਉਣ ਤੋਂ ਪਹਿਲਾਂ ਇੱਕ ਵਾਰ ਪੁਸ਼ਟੀ ਕਰ ਲੈਣ। ਮੈਂ ਬਿਲਕੁਲ ਠੀਕ ਹਾਂ ਅਤੇ ਚੜ੍ਹਦੀ ਕਲਾਂ ‘ਚ ਹਾਂ। ਤੁਹਾਨੂੰ ਦੱਸ ਦੇਈਏ ਕਿ ਖਬਰਾਂ ਆ ਰਹੀਆਂ ਹਨ ਕਿ ਗੈਂਗਸਟਰ ਹਰਵਿੰਦਰ ਰਿੰਦਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਸੂਤਰਾਂ ਮੁਤਾਬਕ 15 ਦਿਨ ਪਹਿਲਾਂ ਨਸ਼ੇ ਦੀ ਓਵਰਡੋਜ਼ ਕਾਰਨ ਰਿੰਦਾ ਦੀ ਸਿਹਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਾਹੌਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਦੂਜੇ ਪਾਸੇ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਰਿੰਦਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਬੀਤੀ ਸਾਮ ਰਿੰਦਾ ਦੀ ਮੌਤ ਦੀ ਖਬਰ ਪੰਜਾਬ ਪਹੁੰਚੀ ਪਰ ਇਹ ਮੌਤ ਕਿਵੇਂ ਹੋਈ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਉਸ ਦੀ ਮੌਤ ‘ਤੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ। ਇੰਟਰਪੋਲ ਦੀ ਮਦਦ ਨਾਲ ਰਿੰਦਾ ਨੂੰ ਫੜਨ ਦੀ ਕੋਸ਼ਿਸ਼ ਵਿੱਚ ਜੁਟੀ ਭਾਰਤ ਸਰਕਾਰ ਤੇ ਅੱਤਵਾਦੀ ਨੂੰ ਵਾਰ-ਵਾਰ ਟਾਰਗੇਟ ਕਰਨ ਵਾਲੀ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕੋਈ ਪ੍ਰਤਿਕਿਰਿਆ ਨਹੀਂ ਦਿੱਤੀ ਗਈ। ਇਸ ਵਿਚਾਲੇ ਰਿੰਦਾ ਦੀ ਪੋਸਟ ਨੇ ਵੀ ਉਸ ਦੀ ਮੌਤ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।