ਪੰਜਾਬ 'ਚ ਗਰਮੀ ਦਾ ਕਹਿਰ, ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ‘ਚ 4 ਲੋਕਾਂ ਦੀ ਗਰਮੀ ਕਾਰਨ ਮੌਤ 

ਚੰਡੀਗੜ੍ਹ, 17 ਜੂਨ 2024 : ਪੰਜਾਬ 'ਚ ਗਰਮੀ ਨੇ ਕਹਿਰ ਮਚਾਇਆ ਹੋਇਆ ਹੈ, ਜਿਸ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਵੀ ਬੰਦ ਹੋਇਆ ਪਿਆ ਹੈ। ਗਰਮੀ ਦੀ ਜਿਆਦਾ ਤਪਸ ਕਾਰਨ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ‘ਚ 4 ਲੋਕਾਂ ਦੀ ਗਰਮੀ ਕਾਰਨ ਮੌਤ ਹੋਣ ਦੀ ਖ਼ਬਰ ਹੈ। ਗਰਮੀ ਕਾਰਨ ਕਈ ਲੋਕ ਬੀਮਾਰ ਹੋ ਰਹੇ ਹਨ ਤੇ ਇਲਾਜ ਲਈ ਸਿਵਲ ਹਸਪਤਾਲਾਂ ਜਾਂ ਪ੍ਰਾਈਵੇਟ ਹਸਪਤਾਲਾਂ ਦਾ ਰੁਖ ਕਰ ਰਹੇ ਹਨ। ਬਠਿੰਡਾ ਵਿਖੇ ਗਰਮੀ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6 ‘ਤੇ ਇਕ ਰੇਲ ਯਾਤਰੀ ਬੇਹੋਸ਼ੀ ਦੀ ਹਾਲਤ ‘ਚ ਪਿਆ ਸੀ। ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਟੀਮ ਦੇ ਸੰਦੀਪ ਗਿੱਲ ਐਂਬੂਲੈਂਸ ਲੈ ਕੇ ਮੌਕੇ ‘ਤੇ ਪਹੁੰਚੇ ਅਤੇ ਗੰਭੀਰ ਹਾਲਤ ਵਿਚ ਪਏ ਰੇਲ ਯਾਤਰੀ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਕੁਝ ਦੇਰ ਬਾਅਦ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਸ਼ਨਾਖਤ ਵਿਜੇ ਕੁਮਾਰ ਪੁੱਤਰ ਸਮੀਰ ਚੰਦ ਵਾਸੀ ਲਖਨਊ ਵਜੋਂ ਹੋਈ।  ਇਸੇ ਤਰ੍ਹਾਂ ਬਠਿੰਡਾ-ਮਾਨਸਾ ਰੋਡ ‘ਤੇ ਕਾਲੀ ਮਾਤਾ ਮੰਦਰ ਨੇੜੇ ਪਾਰਕ ‘ਚ ਨਸ਼ੇ ਦੀ ਹਾਲਤ ‘ਚ ਪਏ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਕੋਲ ਕੋਈ ਕਾਗਜ਼ ਨਾਲ ਹੋਣ ਕਾਰਨ ਉਸ ਦੀ ਸ਼ਨਾਖਤ ਨਹੀਂ ਹੋ ਸਕੀ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੌਰਚਰੀ ‘ਚ ਸੁਰੱਖਿਅਤ ਰੱਖ ਦਿੱਤਾ ਹੈ। ਫਾਜ਼ਿਲਕਾ ਵਿਚ ਗਲੀ ਜੰਗੀਆਣਾ ਦੇ ਰਹਿਣ ਵਾਲੀ ਆਸ਼ਾ ਗੁਪਤਾ ਪਤਨੀ ਰਵਿੰਦਰ ਗੁਪਤਾ (ਸਰਵੇਅਰ) ਆਪਣੇ ਘਰ ਦੀ ਛੱਤ ‘ਤੇ ਕੱਪੜੇ ਸੁਕਾ ਰਹੀ ਸੀ ਤਾਂ ਗਰਮੀ ਕਾਰਨ ਉਸ ਨੂੰ ਚੱਕਰ ਆ ਗਿਆ ਅਤੇ ਉਹ ਛੱਤ ਤੋਂ ਹੇਠਾਂ ਫਰਸ਼ ‘ਤੇ ਡਿੱਗ ਗਈ। ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਕੁਝ ਸਮੇਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਿੰਡ ਖਾਂਬਰਾ ਦੇ ਮੁਹੱਲਾ ਬਾਜ਼ੀਗਰ ‘ਚ ਇਕ ਵਿਅਕਤੀ ਦੀ ਲਾਸ਼ ਸ਼ੱਕੀ ਹਾਲਤ ‘ਚ ਮਿਲੀ ਹੈ। ਥਾਣਾ ਸਦਰ ਦੀ ਉਪ-ਚੌਕੀ ਫਤਿਹਪੁਰ ‘ਚ ਤਾਇਨਾਤ ਏ. ਐੱਸ. ਆਈ ਨਰਾਇਣ ਗੌੜ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਦਾ ਮੁਆਇਨਾ ਕੀਤਾ। ਹਾਲਾਂਕਿ ਉਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਰੀਰ ‘ਤੇ ਕਿਸੇ ਤਰ੍ਹਾਂ ਦੇ ਸੈੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਇਸ ਦੇ ਨਾਲ ਹੀ ਪੁਲਸ ਨੂੰ ਉਸ ਕੋਲੋਂ ਕੋਈ ਪਛਾਣ ਪੱਤਰ ਵੀ ਨਹੀਂ ਮਿਲਿਆ ਹੈ, ਜਿਸ ਕਾਰਨ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਮ੍ਰਿਤਕ ਦੀ ਉਮਰ 50 ਸਾਲ ਦੇ ਕਰੀਬ ਜਾਪਦੀ ਹੈ।