ਘਨੌਰ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਪਿਓ-ਪੁੱਤ ਸਮੇਤ ਤਿੰਨ ਦੀ ਮੌਤ

ਘਨੌਰ, 26 ਜੂਨ 2024 : ਪਟਿਆਲਾ ਦੇ ਘਨੌਰ ਤੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ‘ਚ ਤਿੰਨ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਘਨੌਰ ਦੇ ਪਿੰਡ ਚਤੁਰ ਨਗਰ ਨਿਗਾਵਾਂ ਨੇੜੇ ਆਪਸੀ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਅਤੇ ਗੋਲੀ ਲੱਗਣ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਵੱਡੀ ਗਿਣਤੀ ‘ਚ ਪੁਲਿਸ ਦੀ ਟੀਮ ਘਟਨਾ ਸਥਾਨ ‘ਤੇ ਪਹੁੰਚੀ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖੇਤਾਂ ‘ਚ ਪਈਆਂ ਮ੍ਰਿਤਕ ਦੇਹਾਂ ਨੂੰ ਐਂਬੂਲੈਂਸ ਰਾਹੀਂ ਪੋਸਟਮਾਰਟਮ ਦੇ ਲਈ ਭੇਜ ਦਿੱਤੀਆਂ ਹਨ। ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਇਹ ਝਗੜਾ 30 ਏਕੜ ਜ਼ਮੀਨ ਨੂੰ ਲੈ ਕੇ ਹੋਇਆ ਹੈ। ਦੋਵੇਂ ਧਿਰਾਂ ਉਸ ਜ਼ਮੀਨ 'ਤੇ ਕਬਜ਼ਾ ਲੈਣ ਲਈ ਪਹੁੰਚੀਆਂ ਹੋਈਆਂ ਸਨ, ਜਿੱਥੇ ਇਕ ਧਿਰ ਦੇ ਦੋ ਵਿਅਕਤੀਆਂ (ਪਿਓ-ਪੁੱਤ) ਦੀ ਮੌਤ ਹੋ ਗਈ ਅਤੇ ਦੂਸਰੇ ਧਿਰ ਦੇ ਇਕ ਵਿਅਕਤੀ ਦੀ ਮੌਤ ਹੋਈ ਹੈ। ਦਿਲਬਾਗ ਸਿੰਘ ਤੇ ਉਸ ਦਾ ਪੁੱਤਰ ਜਸਵਿੰਦਰ ਸਿੰਘ ਜੱਸੀ ਵਾਸੀ ਪਿੰਡ ਨੋਗਾਵਾਂ ਜਦੋਂ ਨੇੜਲੇ ਪਿੰਡ ਚਤਰ ਨਗਰ ਵਿੱਚ ਠੇਕੇ 'ਤੇ ਲਈ ਜ਼ਮੀਨ 'ਚ ਪੁੱਜੇ ਤਾਂ ਉਥੇ ਪਹਿਲਾਂ ਤੋਂ ਹੀ ਦੂਜੀ ਧਿਰ ਦੇ ਵਿਅਕਤੀ ਸਤਵਿੰਦਰ ਸਿੰਘ, ਹਰਜਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਵਾਸੀ ਚਤਰ ਨਗਰ ਮੌਜੂਦ ਸਨ। ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਜ਼ਮੀਨ ਨੂੰ ਲੈ ਕੇ ਆਪਸੀ ਵਿਵਾਦ ਹੋ ਗਿਆ ਤੇ ਹੱਥੋਂ ਪਾਈ ਤੋਂ ਬਾਅਦ ਗੋਲ਼ੀਬਾਰੀ ਵੀ ਹੋਈ। ਇਸ ਦੌਰਾਨ ਦੂਜੀ ਧਿਰ ਦੇ ਵਿਅਕਤੀਆਂ ਨੇ ਦਿਲਬਾਗ ਸਿੰਘ ਅਤੇ ਉਸਦੇ ਪੁੱਤਰ ਜਸਵਿੰਦਰ ਸਿੰਘ ਜੱਸੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਦ ਕਿ ਸਤਵਿੰਦਰ ਸਿੰਘ ਦੀ ਵੀ ਮੌਤ ਹੋ ਗਈ ਤੇ ਉਸ ਦੇ ਨਾਲ ਦੇ ਸਾਥੀ ਹਰਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਰਜਿੰਦਰਾ ਹਸਪਤਾਲ ਪਟਿਆਲਾ ਗੋਲ਼ੀ ਵੱਜਣ ਕਾਰਨ ਜ਼ੇਰੇ ਇਲਾਜ ਹਨ। ਇਸ ਮੌਕੇ ਡੀਐਸਪੀ ਘਨੌਰ ਬੂਟਾ ਸਿੰਘ, ਐਸਐਚਓ ਅਮਨਪਾਲ ਸਿੰਘ ਵਿਰਕ ਪੁਲਿਸ ਪਾਰਟੀ ਸਮੇਤ ਪਹੁੰਚ ਗਏ। ਘਟਨਾ ਸਥਾਨ ਉਪਰ ਦਿਲਬਾਗ ਸਿੰਘ ਅਤੇ ਉਸਦੇ ਪੁੱਤਰ ਜਸਵਿੰਦਰ ਜੱਸੀ ਦੀਆਂ ਲਾਸ਼ਾਂ ਖੇਤਾਂ 'ਚ ਪਈਆਂ ਸਨ। ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।