ਨੌਜਵਾਨਾਂ ਖਾਸ ਕਰਕੇ ਨਾਬਾਲਗਾਂ ਵਿਚ ਗਨ ਕਲਚਰ ਪ੍ਰਤੀ ਵਧ ਰਹੇ ਰੁਝਾਨ ਵੱਡੀ ਚਿੰਤਾ : ਜਾਖੜ

ਚੰਡੀਗੜ੍ਹ : ਸਾਬਕਾ ਸਾਂਸਦ ਤੇ ਭਾਜਪਾ ਆਗੂ ਸੁਨੀਲ ਜਾਖੜ ਨੇ ਨੌਜਵਾਨਾਂ ਖਾਸ ਕਰਕੇ ਨਾਬਾਲਗਾਂ ਵਿਚ ਗਨ ਕਲਚਰ ਪ੍ਰਤੀ ਵਧ ਰਹੇ ਰੁਝਾਨ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਸਬੰਧ ਸਰਕਾਰ ਤੇ ਸਮਾਜ ਪੱਧਰ ‘ਤੇ ਸਾਰਥਕ ਉਪਰਾਲੇ ਕਰਨ ਦੀ ਲੋੜ ਹੈ ਤਾਂ ਕਿ ਇਸ ਨੂੰ ਰੋਕਿਆ ਜਾ ਸਕੇ। ਸੁਨੀਲ ਜਾਖੜ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਨਾਬਾਲਗ ਤੱਕ ਸ਼ਾਮਲ ਸਨ। ਉਸੇ ਤਰ੍ਹਾਂ ਹੁਣ ਇਕ ਵਾਰ ਫਿਰ ਕੋਟਕਪੂਰਾ ਵਿਚ ਹੋਏ ਕਾਂਡ ਵਿਚ ਵੀ ਨਾਬਾਲਗਾਂ ਦਾ ਹੋਣਾ ਇਕ ਚਿੰਤਾਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਹੈ ਤੇ ਹੁਣ ਇਹ ਇਕ ਨਵੀਂ ਚਿੰਤਾ ਸਾਡੇ ਸਾਰਿਆਂ ਲਈ ਹੈ।ਜਾਖੜ ਨੇ ਕਿਹਾ ਕਿ ਬੇਰੋਜ਼ਗਾਰੀ ਤੇ ਪੈਸੇ ਤੇ ਚਕਾਚੌਂਧ ਜਵਾਨੀ ਨੂੰ ਗਲਤ ਰਸਤੇ ਵੱਲ ਲਿਜਾ ਰਹੀ ਹੈ। ਇਸ ਨੂੰ ਰੋਕਣ ਲਈ ਸਰਕਾਰ ਨੂੰ ਚਿੰਤਨ ਕਰਦੇ ਹੋਏ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਗੈਂਗਸਟਰਾਂ ਨੂੰ ਹੀਰੋ ਦੀ ਤਰ੍ਹਾਂ ਪੇਸ਼ ਕਰਨ ਦੇ ਰੁਝਾਨ ‘ਤੇ ਵੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਬੰਧੀ ਸਮਾਜ ਤੇ ਮਾਤਾ-ਪਿਤਾ ਨੂੰ ਖਾਸ ਤੌਰ ‘ਤੇ ਸੋਚਣਾ ਚਾਹੀਦਾ ਹੈ ਤੇ ਬੱਚਿਆਂ ਨੂੰ ਚੰਗੇ ਸਸਕਾਰ ਦੇਣ ਲਈ ਖਾਸ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ।