ਪੰਜਾਬ ਦੇ ਮੁੱਦੇ ਚੁੱਕਣ ਤੋਂ ਨਹੀਂ ਰੋਕ ਸਕੇਗੀ ਆਪ ਸਰਕਾਰ : ਬਿਕਰਮ ਸਿੰਘ ਮਜੀਠੀਆ

  • ਬਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਨੂੰ ਦਿੱਤੀ ਚੁਣੌਤੀ, ਕਿਹਾ ਕਿ ਐਸਆਈਟੀ ਦੇ ਮੁਖੀ ਭਲਕੇ ਹੋ ਰਹੇ ਹਨ ਸੇਵਾ ਮੁਕਤ, ਹੁਣ ਤੁਸੀਂ ਆਪ ਮੁਖੀ ਬਣ ਕੇ ਟਕਰੋ
  • ਕੇਜਰੀਵਾਲ ਨੂੰ ਆਖਿਆ ਕਿ ਉਹਨਾਂ ਨੂੰ ਈ ਡੀ ਸੰਮਨਾਂ ਤੋਂ ਡਰਨ ਦੀ ਲੋੜ ਨਹੀਂ, ਉਹ ਖੁਦ 3 ਜਨਵਰੀ 2024 ਨੂੰ ਉਹਨਾਂ ਦੇ ਨਾਲ ਜਾਣ ਲਈ ਤਿਆਰ

ਪਟਿਆਲਾ, 30 ਦਸੰਬਰ : ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮੁਜੀਠੀਆ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਉਹਨਾਂ ਖਿਲਾਫ ਦਰਜ ਐਨਡੀਪੀਐਸ ਕੇਸ ਵਿਚ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦੇ ਮੁਖੀ ਆਪ ਬਣ ਕੇ ਟਕਰਨ ਕਿਉਂਕਿ ਮੌਜੂਦਾ ਮੁਖੀ ਏ ਡੀ ਜੀ ਪੀ ਐਮ ਐਸ ਛੀਨਾ ਤਾਂ ਗ੍ਰਹਿ ਸਕੱਤਰ ਦੇ ਹੁਕਮਾਂ ਮੁਤਾਬਕ ਭਲਕੇ 31 ਦਸੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ। ਇਥੇ ਐਸ ਆਈ ਟੀ ਅੱਗੇ ਪੇਸ਼ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਪੰਜਵੀਂ ਵਾਰ ਹੈ ਜਦੋਂ ਉਹ ਐਸਆਈਟੀ ਅੱਗੇ ਪੇਸ਼ ਹੋਏ ਹਨ। ਉਹਨਾਂ ਕਿਹਾ ਕਿ ਭਾਵੇਂ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਉਹਨਾਂ ਨੂੰ ਦਿੱਤੀ ਜ਼ਮਾਨਤ ਦੇ ਹੁਕਮਾਂ ਵਿਚ ਕਿਤੇ ਨਹੀਂ ਲਿਖਿਆ ਕਿ ਉਹਨਾਂ ਨੂੰ ਵਾਰ-ਵਾਰ ਐਸ ਆਈ ਟੀ ਜਾਂ ਉਸ ਪੰਜਾਬ ਪੁਲਿਸ ਅੱਗੇ ਪੇਸ਼ ਹੋਣਾ ਪਵੇਗਾ ਜੋ ਪਿਛਲੇ ਦੋ ਸਾਲਾਂ ਵਿਚ ਕੇਸ ਵਿਚ ਚਲਾਨ ਵੀ ਨਹੀਂ ਪੇਸ਼ ਕਰ ਸਕੀ ਪਰ ਉਹ ਕਾਨੂੰਨ ਨੂੰ ਮੰਨਣ ਵਾਲੇ ਨਾਗਰਿਕ ਹਨ, ਇਸੇ ਕਾਰਨ ਐਸ ਆਈ ਟੀ ਅੱਗੇ ਪੇਸ਼ ਹੋਏ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਪਹਿਲਾਂ ਐਸ ਆਈ ਟੀ ਨੇ 18 ਦਸੰਬਰ ਨੂੰ ਸੱਦਿਆ ਸੀ ਜਿਸ ਦੌਰਾਨ ਉਹਨਾਂ ਨੇ ਆਨ ਕੈਮਰਾ ਸਪਸ਼ਟ ਆਖਿਆ ਕਿ ਸ਼ਹੀਦੀ ਸਪਤਾਹ ਦੌਰਾਨ ਉਹਨਾਂ ਨਾ ਸੱਦਿਆ ਜਾਵੇ ਕਿਉਂਕਿ ਹਰ ਗੁਰਸਿੱਖ ਵਾਂਗੂ ਉਹ ਵੀ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅੱਗੇ ਸਿਰ ਝੁਕਾਦਿਆਂ ਗੁਰੂ ਦੀ ਬਾਣੀ ਨਾਲ ਜੁੜਨ ਨੂੰ ਤਰਜੀਹ ਦਿੰਦੇ ਹਨ ਪਰ ਇਸਦੇ ਬਾਵਜੂਦ ਉਹਨਾਂ ਨੂੰ 27 ਦਸੰਬਰ 2023 ਦੇ ਸੰਮਨ ਭੇਜ ਦਿੱਤੇ ਗਏ। ਉਹਨਾਂ ਕਿਹਾ ਕਿ ਸ਼ਹੀਦੀ ਸਪਤਾਹ ਸੰਪੰਨ ਹੋਣ ਮਗਰੋਂ ਅੱਜ ਉਹ ਫਿਰ ਤੋਂ ਐਸ ਆਈ ਟੀ ਅੱਗੇ ਪੇਸ਼ ਹੋਏ ਹਨ ਕਿਉਂਕਿ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਕੋਈ ਵੀ ਨਵਾਂ ਝੂਠਾ ਮੁਕੱਦਮਾ ਦਰਜ ਕਰਨ ਦੀ ਕੋਈ ਪਰਵਾਹ ਨਹੀਂ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ ਕਿ 31 ਦਸੰਬਰ ਨੂੰ ਐਸ ਆਈ ਟੀ ਦਾ ਮੁਖੀ ਸੇਵਾ ਮੁਕਤ ਹੋ ਰਿਹਾ ਹੋਵੇ ਤਾਂ 30 ਦਸੰਬਰ ਨੂੰ ਉਹਨਾਂ ਨੂੰ ਸੰਮਨ ਕੀਤਾ ਗਿਆ। ਉਹਨਾਂ ਮੁੜ ਦੁਹਰਾਇਆਕਿ  ਆਪ ਸਰਕਾਰ ਇਹਨਾਂ ਦਬਾਅ ਪਾਉਣ ਦੇ ਹੱਥਕੰਡਿਆਂ ਰਾਹੀਂ ਉਹਨਾਂ ਨੂੰ ਪੰਜਾਬ ਦੇ ਮੁੱਦੇ ਚੁੱਕਣ ਤੋਂ ਨਹੀਂ ਰੋਕ ਸਕਦੀ। ਸਰਦਾਰ ਮਜੀਠੀਆ ਨੇ ਕਿਹਾ ਕਿ ਉਹਨਾਂ ਨੇ 9 ਦਸੰਬਰ ਨੂੰ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਧੀ ਦਾ ਮੁੱਦਾ ਚੁੱਕਿਆ ਸੀ ਤੇ ਦੋ ਦਿਨਾਂ ਬਾਅਦ 11 ਦਸੰਬਰ ਨੂੰ ਉਹਨਾਂ ਨੂੰ ਸੰਮਨ ਭੇਜ ਦਿੱਤੇ ਗਏ ਜੋ ਉਸੇ ਐਸ ਆਈ ਟੀ ਨੇ ਭੇਜੇ ਜਿਸਨੂੰ ਮਈ 2023 ਵਿਚ ਗਠਿਤ ਕੀਤਾ ਗਿਆਸੀ  ਤੇ ਪਿਛਲੇ ਤਕਰੀਬਨ ਪੌਣੇ ਸਾਲਾਂ ਦੇ ਆਪ ਸਰਕਾਰ ਦੇ ਰਾਜ ਵਿਚ ਕਦੇ ਵੀ ਉਹਨਾਂ ਨੂੰ ਸੰਮਨ ਨਹੀਂ ਭੇਜੇ ਗਏ ਸਨ ਤੇ ਇਸ ਦੌਰਾਨ ਨਾ ਤਾਂ ਸਰਕਾਰ ਅਦਾਲਤ ਵਿਚ ਚਲਾਨ ਪੇਸ਼ ਕਰ ਸਕੀ ਤੇ ਨਾ ਹੀ ਐਸ ਆਈ ਟੀ ਨੇ ਉਹਨਾਂ ਨੂੰ ਸੰਮਨ ਕੀਤਾ। ਉਹਨਾਂ ਕਿਹਾ ਕਿ ਉਹ ਸਮਝਦੇ ਹਨ ਕਿ ਐਸ ਆਈ ਟੀ ਮੁਖੀ ਉਸੇ ਤਰੀਕੇ ਬਹੁਤ ਦਬਾਅ ਹੇਠ ਹਨ ਜਿਵੇਂ ਸਾਬਕਾ ਡੀ ਜੀ ਪੀ ਐਸ ਚਟੋਪਾਧਿਆਏ ਨੇ ਉਹਨਾਂ ਖਿਲਾਫ ਝੂਠਾ ਕੇਸ ਦਰਜ ਕੀਤਾ ਪਰ ਹੁਣ ਇਹ ਦੋਵੇਂ ਅਫਸਰ ਸੁਪਰੀਮ ਕੋਰਟ ਦੀ ਸਾਬਕਾ ਜੱਜ ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ ਵਾਲੀ ਜਾਂਚ ਟੀਮ ਵੱਲੋਂ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਮੌਕੇ ਸੁਰੱਖਿਆ ਕੁਤਾਹੀ ਦੇ ਦੋਸ਼ੀ ਪਾਏ ਗਏ ਹਨ। ਉਹਨਾਂ ਕਿਹਾ ਕਿ ਚਟੋਪਾਧਿਆਏ ਨੇ ਤਾਂ ਪਹਿਲਾਂ ਹੀ ਸੇਵਾ ਦੇ ਲਾਭ ਗੁਆ ਲਏ ਹਨ ਜਦੋਂ ਕਿ ਛੀਨਾ ਉਹਨਾਂ ਖਿਲਾਫ ਕੇਸ ਵਿਚ ਕਾਰਵਾਈ ਤੋਂ ਚਿੰਤਤ ਹਨ ਜਿਸ ਕਾਰਨ ਉਹ ਸਰਕਾਰ ਦੇ ਹੁਕਮ ਵਜਾਉਣ ਲਈ ਮਜਬੂਰ ਹਨ। ਉਹਨਾਂ ਨੇ ਸਾਬਕਾ ਅਕਾਲੀ ਆਗੂ ਸਰਦਾਰ ਉਪਕਾਰ ਸਿੰਘ ਸੰਧੂ ਦਾ ਨਿੱਜੀ ਤੌਰ ’ਤੇ ਧੰਨਵਾਦ ਕੀਤਾ ਜਿਹਨਾਂ ਨੂੰ ਇਕ ਲਿਖਿਆ ਲਿਖਾਇਆ ਬਿਆਨ ਸੌਂਪ ਕੇ ਉਸ ’ਤੇ ਹਸਤਾਖ਼ਰ ਕਰਨ ਤੇ ਸਰਦਾਰ ਮਜੀਠੀਆ ਖਿਲਾਫ ਗਵਾਹ ਬਣਨ ਲਈ ਦਬਾਅ ਬਣਾਇਆ ਗਿਆ ਪਰ ਉਹਨਾਂ ਨੇ ਸੱਚਾਈ ਨਾਲ ਡੱਟਣ ਦਾ ਫੈਸਲਾ ਲਿਆ ਤੇ ਸਰਦਾਰ ਮਜੀਠੀਆ ਨਾਲ ਕਿਤੇ ਵੀ ਵਧੀਕੀ ਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਇਹ ਸਰਕਾਰ ਉਹਨਾਂ ਖਿਲਾਫ ਜਾਅਲੀ ਤੇ ਝੂਠੇ ਸਬੂਤ ਇਕੱਠੇ ਕਰ ਰਹੀ ਹੈ ਜਦੋਂ ਕਿ ਹਾਈ ਕੋਰਟ ਸਪਸ਼ਟ ਕਰ ਚੁੱਕੀ ਹੈ ਕਿ ਇਸ ਕੇਸ ਵਿਚ ਨਾ ਤਾਂ ਉਹਨਾਂ ਖਿਲਾਫ ਕੋਈ ਸਬੂਤ ਹੈ ਤੇ ਨਾ ਹੀ ਉਹ ਦੋਸ਼ੀ ਹਨ। ਉਹਨਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਅਫਸਰਾਂ ’ਤੇ ਦਬਾਅ ਪਾਉਣ ਦੀ ਥਾਂ ਆਪ ਐਸ ਆਈ ਟੀ ਦੇ ਮੁਖੀ ਬਣ ਜਾਣ ਤੇ ਸਿੱਧਾ ਆਹਮੋ ਸਾਹਮਣੇ ਹੋ ਕੇ ਟਕਰਨ। ਉਹਨਾਂ ਕਿਹਾ ਕਿ ਅਫਸਰਾਂ ਨੂੰ ਤਾਂ ਸਰਕਾਰਾਂ ਦੇ ਹੁਕਮਾਂ ’ਤੇ ਕੀਤੀਆਂ ਕਾਰਵਾਈਆਂ ਦਾ ਮੁੱਲ ਤਾਰਨਾ ਪੈਂਦਾ ਹੈ ਜਿਵੇਂ ਸਾਬਕਾ ਡੀ ਜੀ ਪੀ ਚਟੋਪਾਧਿਆਏ ਤਾਰ ਰਹੇ ਹਨ। ਉਹਨਾਂ ਕਿਹਾ ਕਿ ਆਹਮੋ ਸਾਹਮਣੇ ਦੋ ਦੋ ਹੱਥ ਹੋ ਕੇ ਨਿਤਾਰਾ ਕਰ ਲੈਣਾ ਚੰਗਾ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ਵਿਚ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਸੰਸਦ ਵਿਚ ਦਿੱਤਾ ਬਿਆਨ ਬਹੁਤ ਹੀ ਮੰਦਭਾਗਾ ਹੈ ਜਿਸਦੀ ਉਹ ਨਿਖੇਧੀ ਕਰਦੇ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਸ ਮਾਮਲੇ ’ਤੇ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਹੈ ਹਾਲਾਂਕਿ ਇਹ ਸਥਾਪਿਤ ਸੱਚਾਈ ਹੈ ਕਿ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਜੋ ਸੂਚੀ ਜਾਰੀ ਹੋਈ ਉਸ ਵਿਚ 9ਵੇਂ ਨੰਬਰ ’ਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲਣ ਦਾ ਜ਼ਿਕਰ ਸੀ ਪਰ ਇਹ ਨੋਟੀਫਿਕੇਸ਼ਨ ਕਦੇ ਲਾਗੂ ਹੀ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਜੋ ਕੁਝ ਵੀ ਭਾਈ ਰਾਜੋਆਣਾ ਨੇ ਕੀਤਾ ਉਹ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ, ਇਸ ਮਗਰੋਂ ਸਿੱਖ ਕਤਲੇਆਮ ਤੇ ਫਿਰ ਬੇਅੰਤਰ ਸਿੰਘ ਸਰਕਾਰ ਵੇਲੇ ਹਜ਼ਾਰਾਂ ਬੇਦੋਸ਼ੇ ਸਿੱਖ ਨੌਜਵਾਨਾਂ ਦੇ ਕਤਲੇਆਮ ਦਾ ਭਾਵੁਕ ਨਤੀਜਾ ਸੀ ਤੇ ਹਾਲੇ ਤੱਕ ਪੀੜਤ ਸਿੱਖ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲ ਸਕਿਆ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਗ੍ਰਹਿ ਮੰਤਰੀ ਨੂੰ ਇਸ ਮਾਮਲੇ ’ਤੇ ਗੁੰਮਰਾਹ ਕੀਤਾ ਗਿਆ।ਉਹਨਾਂ ਕਿਹਾ ਕਿ ਭਾਈ ਰਾਜੋਆਣਾ ਤਾਂ ਸਿਰਫ ਇਹ ਆਖ ਰਹੇ ਹਨ ਕਿ ਜਾਂ ਤਾਂ ਉਹਨਾਂ ਨੂੰ ਫਾਂਸੀ ਲਾ ਦਿੱਤੀ ਜਾਵੇ ਜਾਂ ਫਿਰ ਰਿਹਾਅ ਕਰ ਦਿੱਤਾ ਜਾਵੇ ਕਿਉਂਕਿ ਆਮ ਤੌਰ ’ਤੇ ਹੁੰਦੀ 14 ਸਾਲ ਦੀ ਉਮਰ ਕੈਦ ਦੀ ਥਾਂ ਉਹਨਾਂ 27 ਸਾਲਾਂ ਦੀ ਕੈਦ ਕੱਟ ਲਈ ਹੈ। ਕਾਂਗਰਸ ਦੇ ਐਮ ਪੀ ਰਵਨੀਤ ਬਿੱਟੂ ਵੱਲੋਂ ਰਾਜੋਆਣਾ ਨੂੰ ਚੋਣ ਲੜਾਉਣ ਦੀ ਦਿੱਤੀ ਚੁਣੌਤੀ ਬਾਰੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਬਿੱਟੂ ਹਮੇਸ਼ਾ ਉਹਨਾਂ ਦਾ ਪੁੱਤ ਬਣ ਜਾਂਦਾ ਹੈ ਜਿਹਨਾਂ ਦੀ ਸਰਕਾਰ ਹੁੰਦੀ ਹੈ। ਪਹਿਲਾਂ ਉਹ ਬਾਦਲ ਸਾਹਿਬ ਨੂੰ ਬਾਪੂ ਜੀ, ਬਾਪੂ ਜੀ ਆਖਦੇ ਸਨ। ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਆਖਣ ਲੱਗ ਪਏ ਤੇ ਹੁਣ ਅਜਿਹਾ ਜਾਪਦਾ ਹੈ ਕਿ ਉਹ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਵੀ ਸ਼ਾਇਦ ਇਸੇ ਤਰੀਕੇ ਸੰਬੋਧਨ ਕਰਦੇ ਹਨ। ਇਕ ਹੋਰ ਸਵਾਲ ਦੇ ਜਵਾਬ ਵਿਚ ਅਕਾਲੀ ਆਗੂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਈ ਡੀ ਦੇ ਸੰਮਨਾਂ ਤੋਂ ਡਰਨਾ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਉਹ ਆਪ 3 ਜਨਵਰੀ ਨੂੰ ਸ੍ਰੀ ਕੇਜਰੀਵਾਲ ਦੇ ਨਾਲ ਈ ਡੀ ਕੋਲ ਜਾਣਗੇ ਜਦੋਂ ਉਹਨਾਂ ਨੂੰ ਤੀਜੀ ਵਾਰ ਈ ਡੀ ਨੇ ਸੱਦਿਆ ਹੈ।