ਸਰਕਾਰ ਮੁੱਖ ਮੰਤਰੀ ਮਾਨ ਦੀ ਅਗਵਾਈ 'ਚ ਸੂਬੇ ਵਿਚ ਪਰਾਲੀ ਨੂੰ ਸਾੜੇ ਬਿਨਾਂ ਨਿਪਟਾਰੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ : ਧਾਲੀਵਾਲ

ਅਜਨਾਲਾ : ਹਲਕਾ ਅਜਨਾਲਾ ਵਿੱਚ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਨੂੰ ਉਤਸ਼ਾਹਿਤ ਕਰਨ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਵਿਚ ਪਰਾਲੀ ਨੂੰ ਸਾੜੇ ਬਿਨਾਂ ਨਿਪਟਾਰੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਜਿਸ ਤਹਿਤ ਸੂਬੇ ਵਿੱਚ ਸਬਸਿਡੀ ਤੇ 1.33 ਲੱਖ ਖੇਤੀ ਮਸ਼ੀਨਰੀ ਉਪਲਬਧ ਕਰਵਾਈ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਈਜਾਦ ਕੀਤੀ, ਬਿਨਾਂ ਪਰਾਲੀ ਨੂੰ ਅੱਗ ਲਗਾਏ ਕਣਕ ਬੀਜਣ ਵਾਲੀ ਮਸ਼ੀਨ ਸਮਾਰਟ ਸੀਡਰ ਦਾ ਖੁਦ ਟ੍ਰੈਕਟਰ ਚਲਾ ਕੇ ਡੈਮੋ ਦੇਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਸੁਪਰ ਸੀਡਰ ਅਤੇ ਹੈਪੀ ਸੀਡਰ ਦੀ ਦੁਵੱਲੀ ਤਕਨਾਲੋਜੀ ਨਾਲ ਬਣੀ ਇਹ ਮਸ਼ੀਨ ਪੰਜਾਬ ਚ ਪਰਾਲੀ ਦੇ ਨਿਪਟਾਰੇ ਲਈ ਮਿਸਾਲੀ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਛੋਟੇ ਟ੍ਰੈਕਟਰ ਨਾਲ ਚੱਲਣ ਵਾਲੀ ਸਮਾਰਟ ਸੀਡਰ ਮਸ਼ੀਨ ਵੀ ਸਬਸਿਡੀ ਤੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੈਪੀ ਸੀਡਰ ਅਤੇ ਸੁਪਰ ਸੀਡਰ ਮਸ਼ੀਨ ਦੇ ਵਿਚਾਲੇ ਦੀ ਸਮਾਰਟ ਸੀਡਰ ਮਸ਼ੀਨ ਦੀ ਕੀਮਤ ਤਕਰੀਬਨ 2,30,000 ਰੁਪਏ ਹੈ ਜਦਕਿ ਸਬਸਿਡੀ ਵੱਖਰੀ ਹੈ। ਛੋਟੇ ਟਰੈਕਟਰ ਨਾਲ ਚੱਲਣ ਅਤੇ ਡੀਜ਼ਲ ਦੀ ਖਪਤ ਘੱਟ ਹੋਣ ਕਾਰਨ ਇਹ ਮਸ਼ੀਨ ਕਿਸਾਨਾਂ ਦੀ ਪਸੰਦ ਬਣ ਰਹੀ ਹੈ। ਇਹ ਮਸ਼ੀਨ ਇੱਕ ਘੰਟੇ ਵਿੱਚ ਇੱਕ ਏਕੜ ਦੀ ਬਿਜਾਈ 5.0-6.0 ਲੀਟਰ ਡੀਜ਼ਲ ਪ੍ਰਤੀ ਘੰਟੇ ਦੇ ਹਿਸਾਬ ਨਾਲ ਕਰਦੀ ਹੈ। ਖੇਤੀਬਾੜੀ ਤੇ ਕਿਸਾਨ ਭਲਾਈ, ਪੇਂਡੂ ਵਿਕਾਸ ਤੇ ਪੰਚਾਇਤ ਅਤੇ ਪ੍ਰਵਾਸੀ ਮਾਮਲਿਆਂ ਮੰਤਰੀ ਧਾਲੀਵਾਲ ਨੇ ਕਿਹਾ ਕਿ ਅੱਜ ਇਸ ਮਸ਼ੀਨ ਦੀ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਪ੍ਰਸ਼ਾਸਨਿਕ ਤੇ ਵਿਭਾਗੀ ਅਧਿਕਾਰੀਆਂ ਦੇ ਨਾਲ ਕਿਸਾਨ ਆਗੂਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਸਰਕਾਰ ਦੀ ਪਰਾਲੀ ਨਾ ਸਾੜਨ ਦੀ ਜਾਗਰੂਕਤਾ ਮੁਹਿੰਮ ਦਾ ਅਹਿਮ ਹਿੱਸਾ ਬਣਾਇਆ ਜਾ ਸਕੇ। ਉਨ੍ਹਾਂ ਆਪਣੇ ਸੰਬੋਧਨ ਚ ਕਿਹਾ ਕਿ ਸਾਨੂੰ ਪੰਜਾਬ ਦੀ ਹਵਾ ਨੂੰ ਬਚਾਉਣ ਦੇ ਨਾਲ ਨਾਲ ਪਾਣੀ ਨੂੰ ਵੀ ਬਚਾਉਣ ਲਈ ਰਵਾਇਤੀ ਫ਼ਸਲੀ ਚੱਕਰ ਝੋਨਾ ਤੇ ਕਣਕ ਨੂੰ ਛੱਡ ਕੇ ਗੰਨਾ, ਮੱਕੀ ਤੇ ਦਾਲਾਂ ਦੀ ਕਾਸ਼ਤ ਵਰਗੀਆਂ ਬਦਲਵੀਆਂ ਫ਼ਸਲਾਂ ਵੱਲ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਦਾ ਅੰਨ ਭੰਡਾਰ ਭਰਨ ਲਈ ਆਪਣੇ ਕੁਦਰਤੀ ਸੋਮਿਆਂ ਦਾ ਬਲੀਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਸੂਬੇ ਦੇ ਪਾਣੀ ਨੂੰ ਵੀ ਬਚਾਈਏ। ਉਨ੍ਹਾਂ ਕਿਹਾ ਕਿ ਕਮਾਦ (ਗੰਨੇ) ਹੇਠ ਵੱਧ ਤੋਂ ਵੱਧ ਰਕਬਾ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗੰਨੇ ਦਾ ਪਿਛਲਾ ਸਾਰਾ ਬਕਾਇਆ ਦੇ ਦਿੱਤਾ ਹੈ ਅਤੇ ਰੇਟ ਵੀ ਕਿਸਾਨਾਂ ਦੀ ਮਰਜ਼ੀ ਮੁਤਾਬਕ ਵਧਾ ਦਿੱਤਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਹਵਾ ਅਤੇ ਪਾਣੀ ਨੂੰ ਬਚਾਉਣ ਲਈ ਉਹ ਸਰਕਾਰ ਦੇ ਉਪਰਾਲਿਆਂ ਵਿੱਚ ਪੂਰਣ ਸਹਿਯੋਗ ਦੇਣ ਤਾਂ ਜੋ ਖੇਤੀ ਆਧਾਰਿਤ ਪੰਜਾਬ ਸੂਬੇ ਦੀ ਆਰਥਿਕਤਾ ਨੂੰ ਵੀ ਬਚਾਇਆ ਜਾ ਸਕੇ।