ਵਿਦੇਸ਼ ਰਹਿੰਦੇ ਗੈਂਗਸਟਰਾਂ ਨੂੰ ਇੰਟਰਪੋਲ ਤੇ ਭਾਰਤ ਸਰਕਾਰ ਦੀ ਮਦਦ ਨਾਲ ਪੰਜਾਬ ਲਿਆਂਦਾ ਜਾਵੇਗਾ: ਡੀਜੀਪੀ ਯਾਦਵ

ਤਰਨਤਾਰਨ : ਪੰਜਾਬ ਪੁਲਿਸ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਉਤੇ ਸ਼ਿਕੰਜਾ ਕੱਸਣ ਜਾ ਰਹੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਵਿਦੇਸ਼ ਰਹਿੰਦੇ ਗੈਂਗਸਟਰਾਂ ਨੂੰ ਜਲਦ ਹੀ ਇੰਟਰਪੋਲ ਤੇ ਭਾਰਤ ਸਰਕਾਰ ਦੀ ਮਦਦ ਨਾਲ ਪੰਜਾਬ ਲਿਆਂਦਾ ਜਾਵੇਗਾ। ਇਨ੍ਹਾਂ ਗੈਂਗਸਟਰਾਂ ਦੇ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕੇ ਹਨ ਜਦੋਂਕਿ ਗੈਂਗਸਟਰਾਂ ਨਾਲ ਜੁੜਨ ਵਾਲੇ ਨਾਬਾਲਿਗ ਜਿਨ੍ਹਾਂ ਨੇ ਕੋਈ ਸਿੱਧਾ ਅਪਰਾਧ ਨਹੀਂ ਕੀਤਾ ਹੈ, ਨੂੰ ਵੀ ਵਾਪਸ ਆਉਣ ਦਾ ਮੌਕਾ ਦਿੱਤਾ ਜਾਵੇਗਾ ਤਾਂ ਜੋ ਉਹ ਮੁੱਖ ਧਾਰਨਾ ਨਾਲ ਜੁੜ ਸਕਣ। ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਡੀਜੀਪੀ ਗੌਰਵ ਯਾਦਵ ਦੱਸਿਆ ਕਿ ਸੂਬੇ 'ਚੋਂ ਨਸ਼ਾ ਤੇ ਗੈਂਗਸਟਰਵਾਦ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਹੁਣ ਤੱਕ ਨਸ਼ਿਆਂ ਦੀਆਂ ਵੱਡੀਆਂ-ਵੱਡੀਆਂ ਖੇਪਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਲੋਕਾਂ ਦੇ ਸਹਿਯੋਗ ਦੀ ਖਾਸ ਤੌਰ ਉਤੇ ਜ਼ਰੂਰਤ ਹੈ। ਡੀਜੀਪੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਜਿਥੇ ਹਰ ਸਾਲ ਪੁਲਿਸ ਫੋਰਸ ਵਿਚ ਭਰਤੀ ਕੀਤੀ ਜਾਵੇਗੀ ਜਿਸ ਨਾਲ ਮੁਲਾਜ਼ਮਾਂ ਦੀ ਕਮੀ ਖ਼ਤਮ ਹੋ ਜਾਵੇਗੀ ਉਥੇ ਹੀ ਹਥਿਆਰਾਂ ਦੇ ਗੈਰ ਕਾਨੂੰਨੀ ਤੌਰ ਉਤੇ ਬਣੇ ਲਾਇਸੰਸਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਜੋ ਲਾਇਸੰਸ ਗਲਤ ਤਰੀਕੇ ਨਾਲ ਬਣੇ ਹੋਣਗੇ ਉਹ ਰੱਦ ਕੀਤੇ ਜਾਣਗੇ। ਇਸ ਦੇ ਨਾਲ ਹੀ ਅਸਲਾ ਡੀਲਰਾਂ ਉਤੇ ਵੀ ਨਜ਼ਰ ਰੱਖੀ ਜਾਵੇਗੀ। ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ ਦੀ ਹੁੰਦੀ ਸਪਲਾਈ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਬੀਐਸਐਫ ਨਾਲ ਰਲ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਾਕੇ ਲਗਾਏ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਰਣਜੀਤ ਸਿੰਘ ਢਿੱਲੋਂ ਅਤੇ ਹੋਰ ਆਲਾ ਅਧਿਕਾਰੀ ਵੀ ਮੌਜੂਦ ਸਨ।