ਪਿੰਡ ਬੁੱਟਰ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ

ਮੋਗਾ, 22 ਦਸੰਬਰ : ਮੋਗਾ -ਬਰਨਾਲਾ ਕੌਮੀ ਮਾਰਗ ਤੇ ਪੈਂਦੇ ਪਿੰਡ ਬੁੱਟਰ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਇਸ ਹਾਦਸੇ ਵਿੱਚ ਇੱਕ ਚਾਰ ਸਾਲਾ ਬੱਚੀ ਦੇ ਬਚ ਜਾਣ ਬਾਰੇ ਪਤਾ ਲੱਗਾ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਤੇਜ਼ ਰਫਤਾਰ ਟਿੱਪਰ ਦਾ ਸੰਤੁਲਨ ਵਿਗੜ ਗਿਆ , ਜਿਸ ਕਾਰਨ ਉਹ ਕਾਰ ਤੇ ਪਲਟ ਗਿਆ, ਜਿਸ ਕਾਰਨ ਰਾਜਸਥਾਨ ਦੇ ਹਨੂੰਮਾਨਗੜ੍ਹ ਤiਂ ਮੋਗਾ ਵਿੱਚ ਵਿਆਹ ਸਮਾਗਮ ‘ਚ ਸ਼ਾਮਲ ਹੋਏ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਨਵਵਿਆਹੁਤਾ ਜੋੜਾ ਤੋਂ ਇਲਾਵਾ ਇੱਕ ਪਤੀ-ਪਤਨੀ ਸਨ, ਜੋ ਕਿ ਰਿਸ਼ਤੇ ਵਿੱਚ ਭਰਾ ਅਤੇ ਉਨ੍ਹਾਂ ਦੀਆਂ ਘਰ ਵਾਲੀਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਹਾਲ ਸਿੰਘ ਵਾਲਾ ਦੇ ਡੀਐਸਪੀ ਮਨਜੀਤ ਸਿੰਘ  ਨੇ ਦੱਸਿਆ ਕਿ  ਇਹ ਹਾਦਸੇ ਪਿੰਡ ਬੁੱਟਰ ਦੇ ਨੇੜੇ ਵਾਪਰਿਆ ਹੈ, ਉਨ੍ਹਾਂ ਦੱਸਿਆ ਕਿ ਪੱਥਰ ਨਾਲ ਭਰਿਆ ਟਿੱਪਰ ਜੋ ਤੇਜ਼ ਹੋਣ ਕਾਰਨ ਉਸਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਤੇ ਪਲਟ ਗਿਆ, ਜਿਸ ਕਾਰਨ ਕਾਰ ‘ਚ ਸਵਾਰ ਚਾਰ ਲੋਕਾਂ ਅਤੇ ਇੱਕ ਬੱਚੀ ਨੂੰ ਕਰੇਨ ਦੀ ਮੱਦਦ ਨਾਲ ਬਾਹਰ ਕੱਢਿਆ ਗਿਆ ਅਤੇ ਗੰਭੀਰ ਜਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਮੋਗਾ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਕਿ ਚਾਰ ਸਾਲਾ ਬੱਚੀ ਬਿੱਲਕੁੱਲ ਠੀਕ ਹੈ।