ਮਾਝਾ, ਦੁਆਬਾ ਅਤੇ ਮਾਲਵੇ ਦੇ ਇਲਾਕਿਆਂ ਵਿੱਚ ਛਾਈ ਰਹੇਗੀ ਧੁੰਦ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਚੰਡੀਗੜ੍ਹ : ਅੱਜ ਸਵੇਰੇ ਪੰਜਾਬ ਦੇ ਕਈ ਇਲਾਕਿਆਂ 'ਚ ਧੂੰਆਂ ਛਾਇਆ ਰਿਹਾ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਅਗਲੇ ਦੋ ਦਿਨਾਂ ਤੱਕ ਮਾਝਾ, ਦੁਆਬਾ ਅਤੇ ਮਾਲਵੇ ਦੇ ਇਲਾਕਿਆਂ ਵਿੱਚ ਧੁੰਦ ਛਾਈ ਰਹੇਗੀ। ਇਸ ਕਾਰਨ ਰਾਤ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਲੰਘੇ ਐਤਵਾਰ ਨੂੰ ਵੀ ਧੁੰਦ ਕਾਰਨ ਕੁਝ ਇਲਾਕਿਆਂ 'ਚ ਵਿਜ਼ੀਬਿਲਟੀ ਜ਼ੀਰੋ ਦਰਜ ਕੀਤੀ ਗਈ। ਪਹਾੜੀ ਇਲਾਕਿਆਂ 'ਚ ਭਾਰੀ ਬਰਫਬਾਰੀ ਕਾਰਨ ਪੰਜਾਬ 'ਚ ਸਰਦੀ ਵਧਣ ਦੀ ਸੰਭਾਵਨਾ ਵਧ ਗਈ ਹੈ। ਮੌਸਮ ਵਿਭਾਗ ਮੁਤਾਬਕ ਬੀਤੀ ਰਾਤ ਘੱਟੋ-ਘੱਟ ਤਾਪਮਾਨ 'ਚ ਕਰੀਬ ਡੇਢ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਲੰਧਰ ਵਿੱਚ ਘੱਟੋ-ਘੱਟ ਤਾਪਮਾਨ 5.7 ਡਿਗਰੀ ਸੈਲਸੀਅਸ, ਅੰਮ੍ਰਿਤਸਰ 'ਚ 6.8 ਡਿਗਰੀ, ਲੁਧਿਆਣਾ 'ਚ 8.4, ਪਟਿਆਲਾ 'ਚ 9.0, ਪਠਾਨਕੋਟ 'ਚ 8.5, ਬਠਿੰਡਾ 'ਚ 8.7, ਫਰੀਦਕੋਟ 'ਚ 5.8 ਡਿਗਰੀ, ਗੁਰਦਾਸਪੁਰ 'ਚ 7.3 ਡਿਗਰੀ, ਬਰਨਾਲਾ 'ਚ 6.3 ਡਿਗਰੀ, ਫ਼ਿਰੋਜ਼ਪੁਰ 'ਚ 7.0 ਡਿਗਰੀ, ਗੁਰਦਾਸਪੁਰ 'ਚ 5.5, ਮੋਗਾ 'ਚ 5.9 ਡਿਗਰੀ ਅਤੇ ਰੋਪੜ ਵਿੱਚ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਚੰਡੀਗੜ੍ਹ ਨੇ ਦੱਸਿਆ ਕਿ 7 ਦਸੰਬਰ ਨੂੰ ਪੱਛਮੀ ਚੱਕਰਵਾਤ ਦੀ ਸੰਭਾਵਨਾ ਦੇ ਮੱਦੇਨਜ਼ਰ ਮੌਸਮ ਦੇ ਪੈਟਰਨ ਵਿੱਚ ਬਦਲਾਅ ਹੋ ਸਕਦਾ ਹੈ। ਇਸ ਦੌਰਾਨ ਹਿਮਾਲਿਆ ਸਮੇਤ ਪਹਾੜੀ ਇਲਾਕਿਆਂ 'ਚ ਭਾਰੀ ਬਰਫਬਾਰੀ ਹੋਣ ਕਾਰਨ ਪੰਜਾਬ 'ਚ ਕੜਾਕੇ ਦੀ ਠੰਡ ਪਵੇਗੀ। ਠੰਡ ਵਧਣ ਦੇ ਨਾਲ-ਨਾਲ ਸਵੇਰੇ ਅਤੇ ਦੇਰ ਰਾਤ ਸੰਘਣੀ ਧੁੰਦ ਪੈਣ ਦੀ ਵੀ ਸੰਭਾਵਨਾ ਵਧ ਜਾਵੇਗੀ।