ਐਨਆਰਆਈ ਦੀ ਕੋਠੀ ਵਿੱਚ ਬਣਾਏ ਗਏ ਪਟਾਖਾ ਗੋਦਾਮ ਵਿੱਚੋਂ ਲੱਖਾਂ ਰੁਪਏ ਦੇ ਪਟਾਕੇ ਫੜੇ

ਗੁਰਦਾਸਪੁਰ : ਦੀਵਾਲੀ ਤੋਂ ਪਹਿਲਾਂ ਸੀਆਈਏ ਸਟਾਫ ਦੀ ਪੁਲਸ ਨੇ ਇੱਕ ਐਨਆਰਆਈ ਦੀ ਕੋਠੀ ਵਿੱਚ ਬਣਾਏ ਗਏ ਪਟਾਖਾ ਗੋਦਾਮ ਵਿੱਚੋਂ ਲੱਖਾਂ ਰੁਪਏ ਦੇ ਪਟਾਕੇ ਫੜੇ ਹਨ। ਦੱਸਿਆ ਗਿਆ ਹੈ ਕਿ ਪੁਲਿਸ ਥਾਣਾ ਦੀਨਾਨਗਰ ਦੇ ਅਧੀਨ ਆਉਂਦੇ ਪਿੰਡ ਅਵਾਂਖਾ ਵਿੱਚ ਇੱਕ ਐਨ ਆਰ ਆਈ ਦੀ ਕੋਠੀ ਸ਼ਹਿਰ ਦੇ ਕਿਸੇ ਵੱਡੇ ਵਪਾਰੀ ਨੇ ਕਿਰਾਏ ਤੇ ਲਈ ਹੋਈ ਸੀ ਅਤੇ ਉਸ ਵਿਚ ਲੱਖਾਂ ਦੇ ਪਟਾਕੇ ਭਰੇ ਹੋਏ ਸੀ। ਮਾਮਲਾ ਇਸ ਲਈ ਵੀ ਸੰਗੀਨ ਮੰਨਿਆ ਜਾ ਰਿਹਾ ਹੈ ਕਿ ਰਿਹਾਇਸ਼ੀ ਇਲਾਕੇ ਵਿਚ ਪਟਾਖਿਆਂ ਦਾ ਭੰਡਾਰ  ਖਤਰਨਾਕ ਸਾਬਤ ਹੋ ਸਕਦਾ ਹੈ ਕਿਉਂਕਿ ਇਹ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ। ਅਜਿਹੀਆਂ ਕਈ ਦੁਰਘਟਨਾਵਾਂ ਪਹਿਲਾਂ ਵਾਪਰ ਵੀ ਚੁੱਕੀਆਂ ਹਨ।ਸੀਆਈਏ ਸਟਾਫ਼ ਦੇ ਐਸ ਐਚ ਓ ਇਨਸਪੈਕਟਰ ਕਪਿਲ ਕੌਂਸਲ ਨੇ ਦੱਸਿਆ ਕਿ ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਨਾ ਫੜ੍ਹੇ ਗਏ ਪਟਾਕਿਆਂ ਦੀ ਕੀਮਤ ਕਿੰਨੀ ਹੈ ਪਰ ਇਹ ਕੀਮਤ ਲੱਖਾਂ ਵਿੱਚ ਹੈ। ਉਨ੍ਹਾਂ ਵਲੋਂ ਐਸ ਐਚ ਓ ਮੇਜਰ ਸਿੰਘ ਅਤੇ ਪੁਲਸ ਪਾਰਟੀ ਦੇ ਸਹਿਯੋਗ ਨਾਲ ਪਟਾਕਿਆਂ ਦੇ ਗੋਦਾਮ ਵਿੱਚ ਇਕ ਗੁਪਤ ਸੂਚਨਾ ਦੇ ਅਧਾਰ ਤੇ ਛਾਪੇਮਾਰੀ ਕੀਤੀ ਗਈ ਸੀ। ਹਾਲਾਂ ਕਿ ਬਾਹਰੋਂ ਕੋਠੀ ਬਿਲਕੁਲ ਰਿਹਾਇਸ਼ੀ ਜਿਹੀ ਜਾਪਦੀ ਸੀ ਪਰ ਜਦੋਂ ਪੁਲਿਸ ਪਾਰਟੀ ਨੇ ਅੰਦਰ ਜਾ ਕੇ ਦੇਖਿਆ ਤਾਂ ਸ਼ੋਰ ਬੈਡਰੂਮ ਅਤੇ ਲਗਭਗ ਸਾਰੇ ਕਮਰੇ ਪਟਾਕਿਆਂ ਨਾਲ ਭਰੇ ਗਏ ਸੀ ਜਿਨ੍ਹਾਂ ਵਿੱਚ ਛੋਟੇ-ਵੱਡੇ ਹਰ ਤਰਾਂ ਦੇ ਪਟਾਖੇ ਸਨ। ਕਪਿਲ ਕੌਸ਼ਲ ਨੇ ਦੱਸਿਆ ਕਿ ਪਟਾਖਿਆਂ ਨੂੰ ਜ਼ਬਤ ਕਰਕੇ ਇਸ ਦੇ ਮਾਲਕ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।