ਕਿਸਾਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ ‘ਤੇ ਰੇਲਵੇ ਟਰੈਕ ਕੀਤਾ ਜਾਮ, 11 ਟ੍ਰੇਨਾਂ ਨੂੰ ਕੈਂਸਲ, 19 ਦੇ ਬਦਲੇ ਰੂਟ

ਸ਼ੰਭੂ ਬਾਰਡਰ, 17 ਅਪ੍ਰੈਲ : ਸ਼ੰਭੂ ਬਾਰਡਰ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ ‘ਤੇ ਰੇਲਵੇ ਟਰੈਕ ਜਾਮ ਕਰ ਦਿੱਤਾ ਹੈ। ਦੁਪਹਿਰ 12 ਵਜੇ ਤੋਂ ਕਿਸਾਨ ਸ਼ੰਭੂ ਬਾਰਡਰ ਦੇ ਕੋਲ ਹੀ ਰੇਲਵੇ ਟਰੈਕ ‘ਤੇ ਬੈਠੇ ਹੋਏ ਹਨ। ਇਸ ਦੌਰਾਨ ਪੁਲਿਸ ਨੇ ਉੁਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਪੁਲਿਸ ਕਿਸਾਨਾਂ ਦੀ ਧੱਕੀ-ਮੁੱਕੀ ਹੋਈ ਪਰ ਕਿਸਾਨਾਂ ਨੇ ਬੈਰੀਕੇਡਿੰਗ ਤੋੜ ਦਿੱਤੀ ਤੇ ਟਰੈਕ ਉਤੇ ਬੈਠ ਗਏ। ਕਿਸਾਨ ਨਵਦੀਪ ਸਿੰਘ ਜਲਵੇੜਾ ਸਣੇ 3ਕਿਸਾਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਦੀ ਹਰਿਆਣਾ ਤੇ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ ਜਿਸ ਦੇ ਬਾਅਦ ਰਿਹਾਈ ਦਾ ਭਰੋਸਾ ਮਿਲਿਆ ਸੀ ਜਿਸ ਦੇ ਬਾਅਦ ਕਿਸਾਨਾਂ ਨੇ ਸਰਕਾਰ ਨੂੰ 16 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਸੀ। ਸਰਕਾਰ ਨੇ ਰਿਹਾਈ ਨਹੀਂ ਕੀਤੀ ਤਾਂ ਉਨ੍ਹਾਂ ਨੇ ਟਰੈਕ ਜਾਮ ਕਰ ਦਿੱਤਾ। ਕਿਸਾਨਾਂ ਦੇ ਪ੍ਰਦਰਸ਼ਨ ਕਰਕੇ ਸਟੇਸ਼ਨ ‘ਤੇ ਗੱਡੀ ਦਾ ਇੰਤਜ਼ਾਰ ਕਰ ਰਹੇ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ। ਪ੍ਰਦਰਸ਼ਨ ਕਰਕੇ 34 ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ। 11 ਟ੍ਰੇਨਾਂ ਨੂੰ ਕੈਂਸਲ ਕੀਤਾ ਗਿਆ ਹੈ ਜਦੋਂ ਕਿ 19 ਦੇ ਰੂਟ ਬਦਲੇ ਗਏ ਹਨ।ਚੰਡੀਗੜ੍ਹ ਤੇ ਲੁਧਿਆਣਾ ਤੋਂ ਆਉਣ ਵਾਲੀਆਂ ਟਰੇਨਾਂ ਨੂੰ ਦਿੱਲੀ ਤੋਂ ਮੋੜਿਆ ਗਿਆ ਹੈ। ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਸਰਕਾਰ ਨੇ ਭਰੋਸਾ ਦੇ ਕੇ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ। ਸਾਡਾ ਕਿਸਾਨ ਸਾਥੀ ਜੇਲ੍ਹ ਵਿਚ ਮਰਨਵਰਤ ‘ਤੇ ਬੈਠਾ ਹੈ। ਜਦੋਂ ਤੱਕ ਸਰਕਾਰ ਉਸ ਨੂੰ ਰਿਹਾਅ ਨਹੀਂ ਕਰਦੀ, ਅਸੀਂ ਟਰੈਕ ਖਾਲੀ ਨਹੀਂ ਕਰਾਂਗੇ। ਜੇਕਰ ਸਰਕਾਰ ਹੁਣ ਰਿਹਾਅ ਕਰ ਦੇਵੇ ਤਾਂ ਅਸੀਂ 10 ਮਿੰਟ ਵਿਚ ਹਟ ਜਾਵਾਂਗੇ।