ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਗਏ ਕਿਸਾਨ ਨੁੰ ਟ੍ਰੈਕਟਰ ਟਰਾਲੀ ਹੇਠ ਕੁਚਲ ਕੇ ਮਾਰਿਆ, ਪੁਲਿਸ ਵੱਲੋਂ ਮੁਕੱਦਮਾਂ ਦਰਜ

ਮੋਹਾਲੀ, 18 ਫਰਵਰੀ : ਲਾਲੜੂ ਦੇ ਨੇੜਲੇ ਪਿੰਡ ਬੜਾਣਾ ‘ਚ ਪੰਚਾਇਤੀ ਜ਼ਮੀਨ ਵਿੱਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਗਏ ਕਿਸਾਨ ਨੁੰ ਟ੍ਰੈਕਟਰ ਟਰਾਲੀ ਹੇਠ ਕੁਚਲ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਬੀਕੇਯੂ ਉਗਰਾਹਾਂ ਦੇ ਸਰਗਰਮ ਆਗੂ ਗੁਰਚਰਨ ਸਿੰਘ (65) ਪੁੱਤਰ ਸਰਦਾਰਾ ਸਿੰਘ ਵਾਸੀ ਪਿੰਡ ਬੜਾਣਾ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪੁੱਤਰ ਭੁਪਿੰਦਰ ਨੇ ਦੱਸਿਆ ਕਿ 16-17 ਫਰਵਰੀ ਦੀ ਰਾਤ ਨੂੰ ਉਸ ਦੇ ਪਿਤਾ ਨੇ ਟਰੈਕਟਰਾਂ-ਟਰਾਲੀਆਂ ਦੀ ਆਵਾਜ਼ ਸੁਣੀ ਤਾਂ ਉਹ ਆਪਣੇ ਇਕ ਸਾਥੀ ਸਮੇਤ ਘਰ ਦੇ ਬਾਹਰ ਆਏ ਤੇ ਦੇਖਿਆ ਕਿ ਪਿੰਡ ਦੀ ਪੰਚਾਇਤੀ ਜ਼ਮੀਨ ’ਚੋਂ ਕੁਝ ਲੋਕ ਟਰੈਕਟਰ-ਟਰਾਲੀਆਂ ਰਾਹੀਂ ਮਿੱਟੀ ਚੁੱਕ ਰਹੇ ਸਨ। ਭੁਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਿਤਾ ਨੇ ਟਰੈਕਟਰਾਂ-ਟਰਾਲੀਆਂ ਵਾਲਿਆਂ ਨੂੰ ਮਿੱਟੀ ਚੁੱਕਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਹਰਵਿੰਦਰ ਸਿੰਘ ਉਰਫ਼ ਗੱਗੂ ਦੇ ਕਹਿਣ ਉੱਤੇ ਮਿੱਟੀ ਚੁੱਕ ਰਹੇ ਹਨ। ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਨੇ ਟਰੈਕਟਰ ਚਾਲਕ ਨੂੰ ਹਰਵਿੰਦਰ ਸਿੰਘ ਜਾਂ ਪੰਚਾਇਤ ਦੇ ਕਿਸੇ ਨੁਮਾਇੰਦੇ ਨੂੰ ਮੌਕੇ ਤੇ ਬੁਲਾਉਣ ਲਈ ਕਿਹਾ ਤਾਂ ਟਰੈਕਟਰ ਚਾਲਕ ਨੇ ਕਿਸੇ ਨੂੰ ਫੋਨ ਕੀਤਾ ਤਾਂ ਜਿਸ ਤੋਂ ਬਾਅਦ ਉਥੇ 5-7 ਵਿਅਕਤੀ ਹੋਰ ਉਥੇ ਪੁੱਜ ਗਏ। ਇਨ੍ਹਾਂ ਵਿਅਕਤੀਆਂ ਨੇ ਗੁਰਚਰਨ ਸਿੰਘ ਨੂੰ ਰਾਹ ’ਚੋਂ ਹਟਣ ਲਈ ਕਿਹਾ ਪਰ ਉਸ ਦੇ ਪਿਤਾ ਪਿੱਛੇ ਨਹੀਂ ਹਟੇ ਤਾਂ ਚਾਲਕ ਨੇ ਟਰੈਕਟਰ-ਟਰਾਲੀ ਉਸ ਦੇ ਪਿਤਾ ’ਤੇ ਚੜ੍ਹਾ ਦਿੱਤੀ। ਭੁਪਿੰਦਰ ਨੇ ਦੱਸਿਆ ਕਿ ਉਹ ਵੀ ਮੌਕੇ ਉਤੇ ਪੁੱਜ ਗਿਆ ਸੀ ਤੇ ਉਸ ਨੇ ਟਰੈਕਟਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਟਰੈਕਟਰ ਬੰਦ ਨਹੀਂ ਹੋਇਆ ਤੇ ਮਿੱਟੀ ਚੁੱਕਣ ਵਾਲੇ ਵਿਅਕਤੀ ਟਰੈਕਟਰ-ਟਰਾਲੀ ਤੇ ਜੇਸੀਬੀ ਆਦਿ ਮਸ਼ੀਨਾਂ ਉਥੋਂ ਭਜਾ ਕੇ ਲੈ ਗਏ। ਇਸ ਮਾਮਲੇ ’ਚ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।