ਪੰਜਾਬ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਦਾ ਦਿਹਾਂਤ, ਲੰਬੇ ਸਮੇਂ ਤੋਂ ਬਿਮਾਰ ਸੀ

ਲੁਧਿਆਣਾ : ਮਸ਼ਹੂਰ ਪੰਜਾਬੀ ਅਦਾਕਾਰਾ ਦਲਜੀਤ ਕੌਰ ਦਾ ਵੀਰਵਾਰ ਸਵੇਰੇ ਕਸਬਾ ਸੁਧਾਰ ਬਾਜ਼ਾਰ 'ਚ ਦਿਹਾਂਤ ਹੋ ਗਿਆ। ਦਲਜੀਤ ਕੌਰ ਨੇ ਕਦੇ ਪੰਜਾਬੀ ਫਿਲਮ ਇੰਡਸਟਰੀ 'ਤੇ ਰਾਜ ਕੀਤਾ ਸੀ। ਉਸਨੇ ਕਈ ਹਿੱਟ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ। 69 ਸਾਲਾ ਦਲਜੀਤ ਕੌਰ ਲੰਬੇ ਸਮੇਂ ਤੋਂ ਬਿਮਾਰ ਸਨ। ਦੁਪਹਿਰ 12 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਦਲਜੀਤ ਕੌਰ ਨੇ 10 ਤੋਂ ਵੱਧ ਹਿੰਦੀ ਅਤੇ 70 ਤੋਂ ਵੱਧ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਦਲਜੀਤ ਕੌਰ, ਦਿੱਲੀ ਤੋਂ ਇੱਕ ਲੇਡੀ ਸ਼੍ਰੀ ਰਾਮ ਕਾਲਜ ਦੀ ਗ੍ਰੈਜੂਏਟ, ਨੇ ਪੁਣੇ ਫਿਲਮ ਇੰਸਟੀਚਿਊਟ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਪਹਿਲੀ ਫਿਲਮ ਦਾਜ਼ 1976 ਵਿੱਚ ਰਿਲੀਜ਼ ਹੋਈ ਸੀ। ਉਸਨੇ ਸੁਪਰਹਿੱਟ ਪੰਜਾਬੀ ਫਿਲਮਾਂ ਪੁਤ ਜੱਟਾਂ ਦੇ, ਮਾਮਲਾ ਗੱਦਲ ਹੈ, ਕੀ ਬਨੂ ਦੁਨੀਆ ਦਾ, ਸਰਪੰਚ ਅਤੇ ਪਟੋਲਾ ਵਿੱਚ ਹੀਰੋਇਨ ਦੀ ਮੁੱਖ ਭੂਮਿਕਾ ਨਿਭਾਈ। ਆਪਣੇ ਪਤੀ ਹਰਮਿੰਦਰ ਸਿੰਘ ਦਿਓਲ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਉਸਨੇ ਫਿਲਮਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਦਾ ਕੋਈ ਬੱਚਾ ਨਹੀਂ ਸੀ। 2001 ਵਿੱਚ, ਉਸਨੇ ਫਿਲਮੀ ਦੁਨੀਆ ਵਿੱਚ ਦੁਬਾਰਾ ਪ੍ਰਵੇਸ਼ ਕੀਤਾ ਅਤੇ ਆਪਣੀ ਉਮਰ ਦੇ ਅਨੁਸਾਰ ਮਾਂ ਅਤੇ ਹੋਰ ਭੂਮਿਕਾਵਾਂ ਵਿੱਚ ਨਜ਼ਰ ਆਈ। ਉਸਨੇ ਪੰਜਾਬੀ ਫਿਲਮ ਸਿੰਘ ਬਨਾਮ ਕੌਰ ਵਿੱਚ ਗਿੱਪੀ ਗਰੇਵਾਲ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ।  ਜੇਕਰ ਪੰਜਾਬੀ ਫਿਲਮਾਂ ਦੇ ਆਂਕੜਿਆ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਕਈ ਰਿਕਾਰਡ ਦਲਜੀਤ ਕੌਰ ਜੀ ਦੇ ਨਾਮ ਆਉਣਗੇ.ਸਾਲ 1983 ਚ ਉਹਨਾ ਦੀਆਂ ਪੰਜ ਫਿਲਮਾਂ ਰੀਲੀਜ਼ ਹੋਈਆ ਤੇ ਸਭ ਫਿਲਮਾਂ ਹਿੱਟ-ਸੁਪਰ ਹਿੱਟ-ਪੁੱਤ ਜੱਟਾ ਦੇ,ਮਾਮਲਾ ਗੜਬੜ ਹੈ,ਬਟਵਾਰਾ,ਰੂਪ ਸ਼ਕੀਨਣ ਦਾ ਤੇ ਲਾਜੋ,ਇੱਕ ਸਾਲ ਚ ਇੰਨੀਆ ਹਿੱਟ ਫਿਲਮਾਂ,ਇਹ ਇਹੋ ਜਿਹਾ ਰਿਕਾਰਡ ਜੋ ਹੋਰ ਕਿਸੇ ਪੰਜਾਬੀ ਅਭੀਨੇਤਰੀ ਨਾਲ ਨਹੀਂ ਜੁੜਿਆ.ਸਿਰਫ ਸੋਨਮ ਬਾਜਵਾ ਇਸ ਰਿਕਾਰਡ ਦੇ ਨੇੜੇ ਪਹੁੰਚੀ ਹੈ ਸਾਲ 2017(ਨਿੱਕਾ ਜ਼ੈਲਦਾਰ 2,ਮੰਜੇ ਬਿਸਤਰੇ,ਸੁਪਰ ਸਿੰਘ)ਤੇ 2019(ਮੁਕਲਾਵਾ,ਗੁੱਡੀਆਂ ਪਟੋਲ੍ਹੇ ਤੇ ਅੜਬ ਮੁਟਿਆਰਾਂ)ਚ ਦੋ ਹਿੱਟ ਤੇ ਔਸਤ ਸਫਲ ਫਿਲਮਾਂ ਨਾਲ,ਪਰ ਅਜੇ ਵੀ ਇਹ ਰਿਕਾਰਡ ਟੁੱਟਿਆ ਨਹੀਂ। ਉਸ ਸਮੇ ਮਿਹਰ ਮਿੱਤਲ ਸਾਬ ਦਾ ਹਰ ਫ਼ਿਲਮ ਚ ਹੋਣਾ ਅਗਰ ਜ਼ਰੂਰੀ ਸੀ ਤਾਂ ਦਲਜੀਤ ਕੌਰ ਦਾ ਪੰਜਾਬੀ ਫਿਲਮ ਚ ਹੋਣਾ ਸਫਲਤਾ ਦੀ ਨਿਸ਼ਾਨੀ ਸੀ। ਜੀ ਆਇਆ ਨੂੰ  ਫਿਲਮ ਨੇ ਆਪਣੀ ਰੀਲੀਜ ਦੇ 20 ਸਾਲ ਪੂਰੇ ਕਰ ਲਏ ਨੇ,ਇੱਕ ਫ਼ਿਲਮ ਜਿਸ ਨੇ ਇਤਿਹਾਸ ਰਚ ਦਿੱਤਾ ਤੇ ਪੰਜਾਬੀ ਦਰਸ਼ਕਾਂ ਨੂੰ ਮੁੜ ਸਿਨਮਿਆਂ ਵਿੱਚ ਵਾਪਸ ਲਿਆਂਦਾ.ਹਰਭਜਨ ਮਾਨ ਖ਼ਾਸ ਤੌਰ ਤੇ ਚਾਹੁੰਦੇ ਸਨ ਕਿ ਦਲਜੀਤ ਕੌਰ ਇਹ ਫ਼ਿਲਮ ਕਰਨ ਜਦਕਿ ਉਸ ਸਮੇਂ ਤੱਕ ਉਹ ਐਕਟਿੰਗ ਵੱਲ ਜ਼ਿਆਦਾ ਤਰਜੀਹ ਨਹੀਂ ਸੀ ਦੇ ਰਹੇ.ਪੰਜਾਬੀ ਸਿਨੇਮਾ ਲਈ ਹਮੇਸ਼ਾ ਫਿਕਰਮੰਦ ਹੁੰਦੇ ਹੋਏ ਤੇ ਚੰਗੀ ਟੀਮ ਕਰਕੇ ਉਨਾਂ ਇਹ ਫਿਲਮ ਕਰ ਲਈ। ਦਲਜੀਤ ਕੌਰ ਦੀ ਡਬਲ ਰੋਲ ਵਾਲੀ ਫਿਲਮ ਸੈਦਾਂ ਜੋਗਨ ਜੋ ਹਿੰਦੀ ਦੀ ਸੁਪਰ ਹਿੱਟ ਫਿਲਮ ਸੀਤਾ ਔਰ ਗੀਤਾ ਤੋਂ ਪ੍ਰੇਰਿਤ ਸੀ, ਅੱਜ ਤਕ ਵੀ ਸੈਦਾਂ ਜੋਗਨ ਔਰਤ ਕੇਂਦਰਿਤ ਦੋਹਰੀ ਭੂਮਿਕਾ ਵਾਲੀਆਂ ਪੰਜਾਬੀ ਫ਼ਿਲਮਾਂ ਵਿੱਚੋਂ ਸਭ ਤੋਂ ਵੱਡੀ ਹਿੱਟ ਫ਼ਿਲਮ ਹੈ। ਇਸ ਫਿਲਮ ਲਈ ਦਲਜੀਤ ਕੌਰ ਨੇ ਸ਼ਹਿਰ ਦੀ ਇੱਕ ਕਾਲਜ ਦੀ ਕੁੜੀ ਅਤੇ ਇੱਕ ਜਿਪਸੀ ਕੁੜੀ ਦੀ ਭੂਮਿਕਾ ਸਹਿਜ ਨਾਲ ਨਿਭਾਈ ਸੀ। ਉਨ੍ਹਾਂ ਦੇ ਸਾਹਮਣੇ ਵੀਰੇਂਦਰ ਅਤੇ ਸਤੀਸ਼ ਕੌਲ ਸਨ। ਪੰਜਾਬ ਦੇ ਸਿਨੇਮਾਘਰਾਂ ਵਿੱਚ ਔਰਤਾਂ ਅਤੇ ਪਰਿਵਾਰਾਂ ਦੀਆਂ ਸੀਟਾਂ ਦੀ ਰਿਜ਼ਰਵੇਸ਼ਨ ਇਸ ਫ਼ਿਲਮ ਤੋਂ ਸ਼ੁਰੂ ਹੋਈ ਮੰਨੀ ਜਾਂਦੀ ਹੈ। ਇਸ ਫਿਲਮ ਦੀ ਸੁਪਰ ਸਫਲਤਾ ਤੋਂ ਬਾਅਦ ਦਲਜੀਤ ਕੌਰ ਨੂੰ ਪੰਜਾਬੀ ਫਿਲਮਾਂ ਦੀ ਹੇਮਾ ਮਾਲਿਨੀ ਕਿਹਾ ਗਿਆ। ਦਲਜੀਤ ਕੌਰ  ਨੇ ਵਰਿੰਦਰ  ਨਾਲ ਸੈਦਾ ਜੋਗਨ ਤੋਂ ਅਲਾਵਾ ਲਾਜੋ,ਬਟਵਾਰਾ,ਵੈਰੀ ਜੱਟ ਤੇ ਪਟੋਲਾ ਚ ਕੰਮ ਕੀਤਾ,ਗਿੱਧਾ ਤੇ ਨਿਮੋ ਚ ਮਹਿਮਾਨ ਕਲਾਕਾਰ ਵਜੋਂ ਰੋਲ ਕੀਤੇ, ਵਰਿੰਦਰ ਨੇ ਜਦ ਨਿਮੋ ਸ਼ੁਰੂ ਕੀਤੀ ਤਾਂ,ਟਾਈਟਲ ਰੋਲ ਲਈ ਦਲਜੀਤ ਕੌਰ ਦੇ ਨਾਮ ਤੇ ਵਿਚਾਰ ਕੀਤਾ ਗਿਆ,ਉਹ ਉਸ ਸਮੇ ਵਰਿੰਦਰ ਨਾਲ ਲਾਜੋ ਤੇ ਬਟਵਾਰਾ ਫਿਲਮਾਂ ਕਰ ਰਹੇ ਸੀ,ਤੀਜੀ ਫਿਲਮ ਲਈ ਸਮਾਂ ਨਹੀਂ ਸੀ.ਫਿਲਮ ਪ੍ਰੀਤੀ ਸਪਰੂ ਨਾਲ ਸ਼ੁਰੂ ਹੋਈ, ਵਿਤਰਕ ਹੈਰਾਨ ਪਰੇਸ਼ਾਨ ਹੋ ਗਏ,ਪ੍ਰੀਤੀ ਅਜੇ ਪੰਜਾਬੀ ਸਿਨੇਮਾ ਚ ਉਸ ਮੁਕਾਮ ਤੇ ਨਹੀਂ ਸੀ,ਤੇ ਉਸਦਾ ਪੰਜਾਬੀ ਉਚਾਰਣ ਵੀ ਠੀਕ ਨਹੀਂ ਸੀ,ਇਸ ਤੋਂ ਪਹਿਲਾ ਬਲਬੀਰੋ ਭਾਬੀ ਚ ਸ਼ੋਮਾ ਆਨੰਦ ਦਾ ਪੰਜਾਬੀ ਉਚਾਰਣ ਕਾਫੀ ਹਾਸੋਹੀਣਾ ਸੀ ਤੇ ਸਰਪੰਚ ਤੋਂ ਬਾਅਦ ਆਈਆਂ ਪ੍ਰੀਤੀ ਸਪਰੂ ਦੀਆਂ, ਇਕ ਦੋ ਫ਼ਿਲਮਾਂ ਵੀ ਫਲਾਪ ਰਹੀਆਂ,ਇਸ ਤੋਂ ਇਲਾਵਾ ਮੇਹਰ ਮਿੱਤਲ ਦਾ ਫਿਲਮ ਚ ਨਕਾਰਤਮਕ ਰੋਲ,ਇਕ ਵਿਤਰਕ ਨੇ ਕਿਹਾ ਫਿਲਮ ਚ ਦਲਜੀਤ ਹੁੰਦੀ ਤਾਂ ਵੀ ਫਿਲਮ ਦਾ ਮੁੱਲ ਪੈ ਜਾਏ..ਵਰਿੰਦਰ ਨੇ ਪਟਕਥਾ ਚ ਭਾਬੀ ਦਾ ਮਹਿਮਾਨ ਰੋਲ ਪਾਇਆ,ਤੇ ਦਲਜੀਤ ਨੂੰ ਆਪਣੀ ਪਰੇਸ਼ਾਨੀ ਦੱਸੀ,ਦਲਜੀਤ ਨੇ ਹਾਮੀ ਭਰ ਦਿੱਤੀ,ਓਹਨਾ ਤੇ ਫਿਲਮਾਇਆ ਕਾਲਾ ਡੋਰੀਆ ਗੀਤ ਫਿਲਮ ਦਾ ਸਬ ਤੋਂ ਵੱਧ ਹਿੱਟ ਗੀਤ ਬਣਿਆ ਤੇ ਪੰਜਾਬੀ ਸਿਨੇਮਾ ਦੀਆਂ ਦੋ ਸਟਾਰ ਅਭਿਨੇਤਰੀਆਂ ਨੂੰ ਇਕ ਫਿਲਮ ਚ ਲੈਕੇ ਆਉਣ ਦਾ ਸੇਹਰਾ ਵਰਿੰਦਰ ਨੂੰ ਜਾਂਦਾ ਹੈ ਤੇ ਪ੍ਰੀਤੀ ਸਪਰੂ ਨੂੰ ਪੰਜਾਬੀ ਸਿਨੇਮਾ ਚ ਸਥਾਪਿਤ ਕਰਨ ਚ ਦਲਜੀਤ ਕੌਰ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ। ਸੱਚ ਕਿਹਾ ਜਾਵੇ ਤਾਂ ਦਲਜੀਤ ਕੌਰ ਦੇ ਦਿਹਾਂਤ ਨਾਲ ਪੰਜਾਬੀ ਫਿਲਮਾਂ ਦੇ ਇਕ ਯੁੱਗ ਦਾ ਖਾਤਮਾ ਹੋ ਗਿਆ। ਦਲਜੀਤ ਕੌਰ ਪੰਜਾਬੀ ਫਿਲਮਾਂ ਦੀ ਪਹਿਲੀ ਅਜਿਹੀ ਹੀਰੋਇਨ ਬਣੀ ਜੋ ਅਸਲ ਪੰਜਾਬਣ ਲੱਗਦੀ ਸੀ। 

ਦਲਜੀਤ ਕੌਰ ਹਮੇਸ਼ਾ ਹੀ ਪੰਜਾਬੀ ਫੈਸ਼ਨ ਦੀ ਸਹੀ ਤਰਜਮਾਨੀ ਕਰਦੀ ਰਹੀ।  
ਦਲਜੀਤ ਕੌਰ ਆਪਣੀ ਹਰ ਫਿਲਮ ਨਾਲ ਇਕ ਫੈਸ਼ਨ ਆਈਕੋਨ ਵਜੋਂ ਉਭਰੀ,ਹਲਕਾ ਮੇਕ ਅੱਪ ਲੁੱਕ ਬਾਲੀਵੁੱਡ ਅਭੀਨੇਤਰੀਆਂ ਨੰੂ ਵੀ ਮਾਤ ਪਾਉਦਾਂ ਸੀ.ਦਾਜ ਦੀ ਦੋ ਲੰਬੀਆਂ ਗੁੱਤਾ ਤੇ ਤੰਗ ਕਮੀਜ ਤੇ ਖੁੱਲੀ ਡੁੱਲੀ ਸਲਵਾਰ ਵਾਲੀ ਪਿੰਡ ਦੀ ਮੁਟਿਆਰ, ਸੈਦਾਂ ਜੋਗਨ ਦੀ ਖੁੱਲੇ ਲੰਬੇ ਵਾਲਾਂ ਵਾਲੀ ਕਾਲਜ ਜਾਦੀਂ ਸ਼ਹਿਰੀ ਕੁੜੀ ਤੇ ਕਈ ਮੀਢੀਆਂ ਵਾਲੀ ਵਣਜਾਰਨ,ਇਸ਼ਕ ਨਿਮਾਣਾ ਚ ਰੀਬਨ ਵਾਲੀਆ ਗੁੱਤਾ ਨਾਲ ਚਮਕੀਲੇ ਸੂਟ ਪਾਉਣ ਵਾਲੀ,ਮਾਮਲਾ ਗੜਬੜ ਹੈ ਚ ਜੀਨ ਸ਼ਰਟ ਟੋਪ ਵਾਲੀ ਚੰਡੀਗੜ ਦੀ ਕੁੜੀ,ਸੋਹਨੀ ਮਾਹੀਵਾਲ ਦੀ ਪੁਰਾਤਨ ਪੰਜਾਬ ਦੇ ਕਿੱਸੇ ਦੀ ਨਾਇਕਾ,ਪੁੱਤ ਜੱਟਾ ਦੇ ਦੀ ਸੋਹਣੀ ਸੁੱਨਖੀ ਪੇਡੂਂ ਮੁਟਿਆਰ, ਖੁੱਲੇ ਵਾਲਾਂ ਚ ਫੁੱਲ ਸਜਾਉਦੀ ਰੂਪ ਸ਼ੌਕੀਨਣ ਦਾ,ਸ਼ਾਇਦ ਇਸ ਫਿਲਮ ਦਾ ਟਾਈਟਲ ਓਹਨਾਂ ਦੇ ਰੂਪ ਸ਼ੋਕੀਨੀਆਂ ਕਰਕੇ ਰੱਖਿਆ ਗਿਆ ਹੋਵੇ।

 
ਡਾਕਟਰ ਬਣਨਾ ਚਾਹੁੰਦੀ ਸੀ ਦਲਜੀਤ ਕੌਰ 

ਬਚਪਨ ਚ ਸਪੋਰਟਸ ਤੇ ਕਲਾ ਗਤੀਵਿਧੀਆਂ ਚ ਹਿੱਸਾ ਲੈਂਦੇ ਬਾਲ ਮਨ ਪਿਤਾ ਦੇ ਕਹੇ ਅਨੁਸਾਰ ਡਾਕਟਰ ਬਣਨਾ ਚਾਹੁੰਦੀ ਸੀ, ਥੋੜੀ ਵੱਡੀ ਹੋਈ ਤਾਂ ਸਿਵਿਲ ਸਰਵਿਸ ਚ ਜਾਣਾ ਚਾਹੁੰਦੀ ਸੀ, ਉਸ ਲਈ ਬਰਾਬਰ ਤਿਆਰੀ ਵੀ ਕੀਤੀ,ਪਰ ਕਲਾ ਗਤੀਵਿਧੀਆਂ ਨੇ ਐਕਟਿੰਗ ਲਈ ਸ਼ੌਂਕ ਵਧਾ ਦਿੱਤਾ, ਦਲਜੀਤ ਕੌਰ ਦਾਰਜੀਲਿੰਗ ਦੇ ਕਾਨਵੈਂਟ ਸਕੂਲ ਸੇਂਟ ਹੇਲੇਨਸ ਦੇ ਸਬ ਤੋਂ ਹੋਸ਼ਿਆਰ ਵਿਧਿਆਰਥੀਆਂ ਚੋ ਇਕ ਸੀ ਤੇ ਇਹ ਸਕੂਲ ਭਾਰਤ ਦੇ ਟਾਪ ਦੇ ਪੰਜ ਸਕੂਲਾਂ ਵਿੱਚੋ ਇਕ ਹੈ, ਦਲਜੀਤ ਕੌਰ ਕਬੱਡੀ ਅਤੇ ਹਾਕੀ ਦੀ ਕੌਮੀ ਖਿਡਾਰਨ ਵੀ ਸੀ। ਉਹ ਪਿਛਲੇ ਕੁਝ ਸਾਲਾਂ ਤੋਂ ਗੰਭੀਰ ਮਾਨਸਿਕ ਰੋਗ ਤੋਂ ਪੀੜਤ ਸੀ। ਇਸ ਕਾਰਨ ਉਹ ਮੁੰਬਈ ਤੋਂ ਲੁਧਿਆਣਾ ਆ ਗਈ ਅਤੇ ਕਸਬਾ ਗੁਰੂਸਰ ਸੁਧਾਰ ਬਾਜ਼ਾਰ ਵਿੱਚ ਕਿਸੇ ਰਿਸ਼ਤੇਦਾਰ ਦੇ ਘਰ ਰਹਿਣ ਲੱਗੀ। ਉਸ ਨੂੰ ਆਪਣੇ ਪਿਛਲੇ ਜੀਵਨ ਬਾਰੇ ਕੁਝ ਵੀ ਯਾਦ ਨਹੀਂ ਸੀ। ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਆਰਥਿਕ ਤੌਰ 'ਤੇ ਕਾਫੀ ਨੁਕਸਾਨ ਹੋਇਆ ਅਤੇ ਵੀਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਦਲਜੀਤ ਕੌਰ ਦਾ ਪਰਿਵਾਰ ਮੂਲ ਰੂਪ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਐਤੀਆਣਾ ਦਾ ਵਸਨੀਕ ਸੀ, ਪਰ ਉਨ੍ਹਾਂ ਦਾ ਕਾਰੋਬਾਰ ਪੱਛਮੀ ਬੰਗਾਲ ਵਿੱਚ ਸੀ। ਦਲਜੀਤ ਕੌਰ ਦਾ ਜਨਮ 1953 ਵਿੱਚ ਸਿਲੀਗੁੜੀ ਵਿੱਚ ਹੋਇਆ ਸੀ। ਉਹ ਪਿਛਲੇ 12 ਸਾਲਾਂ ਤੋਂ ਕਸਬਾ ਗੁਰੂਸਰ ਸੁਧਾਰ ਬਾਜ਼ਾਰ ਵਿੱਚ ਆਪਣੇ ਚਚੇਰੇ ਭਰਾ ਹਰਜਿੰਦਰ ਸਿੰਘ ਖੰਗੂੜਾ ਕੋਲ ਰਹਿ ਰਹੀ ਸੀ।