ਹਰੇਕ ਬੱਚੇ ਨੂੰ ਵਿਕਾਸ ਲਈ ਦੇਖਭਾਲ ਅਤੇ ਸਹੀ ਵਾਤਾਵਰਨ ਦੀ ਹੁੰਦੀ ਹੈ ਲੋੜ : ਡਾ. ਬਲਜੀਤ ਕੌਰ

  • 0 - 6 ਸਾਲ ਦੀ ਉਮਰ ਦਾ ਸਮਾਂ ਹਰ ਬੱਚੇ ਲਈ ਸਭ ਤੋਂ ਮਹੱਤਵਪੂਰਨ ਹੈ
  • ਸੂਬੇ ਦੀ ਈ.ਸੀ.ਸੀ.ਈ. ਨੀਤੀ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਨ ਲਈ ਸਮਾਜਿਕ ਸੁਰੱਖਿਆ ਅਤੇ ਸਿੱਖਿਆ ਵਿਭਾਗ ਦੀ ਸਾਂਝੀ ਕਮੇਟੀ ਦਾ ਗਠਨ ਕੀਤਾ ਗਿਆ
  • ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਵੱਲੋਂ ਈ.ਸੀ.ਸੀ.ਈ. ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ

ਚੰਡੀਗੜ੍ਹ, 18 ਮਈ : ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੀ ਪ੍ਰਧਾਨਗੀ ਹੇਠ ਅੱਜ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ (ਈ.ਸੀ.ਸੀ.ਈ.) ਕੌਂਸਲ ਦੀ ਹੋਈ ਅਹਿਮ ਮੀਟਿੰਗ ਵਿੱਚ ਬੱਚਿਆਂ ਲਈ ਪਲੇ ਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਨੂੰ ਨਿਯਮਤ ਕਰਨ ਲਈ ਇੱਕ ਪੋਰਟਲ ਤਿਆਰ ਕਰਨ ਦੇ ਨਾਲ-ਨਾਲ ਸੂਬੇ ਵਿੱਚ ਈ.ਸੀ.ਸੀ.ਈ. ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਬਾਰੇ ਸਲਾਹ ਦੇਣ ਲਈ ਇੱਕ ਤਕਨੀਕੀ ਭਾਈਵਾਲ ਨੂੰ ਨਿਯੁਕਤ ਕਰਨ ਲਈ ਰਾਹ ਪੱਧਰਾ ਕੀਤਾ ਗਿਆ। ਕੌਂਸਲ ਨੇ ਪਲੇ ਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਲਈ ਅਰਜੀ ਫ਼ੀਸ 5000 ਰੁਪਏ ਨਿਰਧਾਰਤ ਕੀਤੀ ਹੈ ਅਤੇ ਇਸ ਤਰ੍ਹਾਂ ਜਮ੍ਹਾਂ ਕਰਵਾਈ ਗਈ ਫੀਸ ਦੀ ਰਕਮ ਸੂਬੇ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ। ਆਂਗਣਵਾੜੀ ਕੇਂਦਰਾਂ ਨੂੰ ਪਲੇ ਵੇਅ ਸਕੂਲਾਂ ਵਿੱਚ ਤਬਦੀਲ ਕਰਨ ਲਈ ਗੈਰ-ਸਰਕਾਰੀ ਸੰਸਥਾ ਪ੍ਰਥਮ ਦੀ ਮਦਦ ਨਾਲ, ਉਪਰੋਕਤ ਸੰਸਥਾ ਅਤੇ ਮੀਰਾਖੀ ਫਾਊਂਡੇਸ਼ਨ ਨਾਲ ਗੈਰ-ਵਿੱਤੀ ਕਿਸਮ ਦਾ ਇੱਕ ਸਮਝੌਤਾ ਸਹੀਬੱਧ ਕੀਤਾ ਜਾਵੇਗਾ। ਇਹ ਸਮਝੌਤਾ 2000 ਆਂਗਣਵਾੜੀ ਕੇਂਦਰਾਂ ਨੂੰ ਪਲੇ ਵੇਅ ਸਕੂਲਾਂ ਵਿੱਚ ਵਿਕਸਤ ਕਰਨ ਤੋਂ ਇਲਾਵਾ ਪਲੇ ਵੇਅ ਸਕੂਲਾਂ ਅਤੇ ਹੋਰ ਈਸੀਸੀਈ ਅਦਾਰਿਆਂ ਦੀ ਰਜਿਸਟ੍ਰੇਸ਼ਨ ਬਾਰੇ ਸਲਾਹ ਮਸ਼ਵਰਾ ਦੇਵੇਗਾ। ਈ.ਸੀ.ਸੀ.ਈ. ਕਾਉਂਸਿਲ ਦੁਆਰਾ ਈ.ਸੀ.ਸੀ.ਈ. ਪਾਠਕ੍ਰਮ ਨੂੰ ਸਹੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਆਂਗਣਵਾੜੀ ਵਰਕਰਾਂ ਲਈ ਇੱਕ ਸਿਖਲਾਈ ਕੈਲੰਡਰ ਤਿਆਰ ਕਰਨ ਲਈ ਰਾਜ ਸਿੱਖਿਆ, ਖੋਜ ਅਤੇ ਸਿਖਲਾਈ ਪ੍ਰੀਸ਼ਦ (ਐਸ.ਸੀ.ਈ.ਆਰ.ਟੀ.) ਨੂੰ ਨਿਰਦੇਸ਼ ਦੇਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਕੌਂਸਲ ਨੇ ਨਵੀਂ ਸਿੱਖਿਆ ਨੀਤੀ, 2020 ਦੇ ਮੱਦੇਨਜ਼ਰ ਰਾਜ ਦੀ ਈਸੀਸੀਈ ਨੀਤੀ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਨ ਲਈ ਸਿੱਖਿਆ ਵਿਭਾਗ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਇੱਕ ਸਾਂਝੀ ਕਮੇਟੀ ਬਣਾਉਣ ਲਈ ਵੀ ਸਹਿਮਤੀ ਦੇ ਦਿੱਤੀ ਹੈ। ਲੋੜੀਂਦੀਆਂ ਸੋਧਾਂ ਕਰਨ ਉਪਰੰਤ ਅਪਡੇਟ ਨੀਤੀ 31 ਜੁਲਾਈ, 2023 ਤੱਕ ਤਿਆਰ ਕੀਤੀ ਜਾਣੀ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ 0-6 ਸਾਲ ਦਾ ਸਮਾਂ ਹਰੇਕ ਬੱਚੇ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਜਦੋਂ ਉਸ ਨੂੰ ਸਰੀਰਕ, ਭਾਵਨਾਤਮਕ, ਮਨੋਵਿਗਿਆਨਕ ਅਤੇ ਸਮਾਜਿਕ ਸਹਾਇਤਾ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਕਿਉਂਕਿ ਇਹ ਉਨ੍ਹਾਂ ਦੇ ਭਵਿੱਖ ਦੀ ਨੀਂਹ ਰੱਖਦਾ ਹੈ। ਇਸ ਸੰਦਰਭ ਵਿੱਚ, ਈ.ਸੀ.ਸੀ.ਈ. ਇੱਕ ਸੁਰੱਖਿਆਤਮਕ ਵਾਤਾਵਰਣ ਵਿੱਚ ਸਿਹਤ ਸੰਭਾਲ, ਪੋਸ਼ਣ, ਪਲੇ ਵੇਅ ਅਤੇ ਸ਼ੁਰੂਆਤੀ ਸਿੱਖਣ ਦੇ ਪਹਿਲੂਆਂ 'ਤੇ ਜ਼ੋਰ ਦਿੰਦਾ ਹੈ ਜੋ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਲਾਹੇਵੰਦ ਹੈ।