ਅਧਿਆਪਕ ਯੂਨੀਅਨ ਨੂੰ ਬਦਲੀਆਂ ਲਈ ਪੱਤਰ ਜਾਰੀ ਕਰਨ ਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਭਰੋਸਾ

ਚੰਡੀਗੜ੍ਹ : ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ 3704 ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ਕੱਲ੍ਹ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨਾਲ਼ ਸਰਕਟ ਹਾਊਸ ਚੰਡੀਗੜ੍ਹ ਵਿਖੇ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਮੁੱਖ ਮੰਗਾਂ ਬਦਲੀਆਂ ਅਤੇ ਪੰਜਾਬ ਦਾ ਪੇ-ਸਕੇਲ ਲਾਗੂ ਕਰਨ ਨੂੰ ਲੈ ਕੇ ਗੱਲਬਾਤ ਹੋਈ। ਉਨ੍ਹਾਂ ਕਿਹਾ ਕਿ ਜੱਥੇਬੰਦੀ ਵੱਲੋਂ ਸਿੱਖਿਆ ਮੰਤਰੀ ਨੂੰ ਦੱਸਿਆ ਗਿਆ ਕਿ 3704 ਮਾਸਟਰ ਕੇਡਰ ਦੇ ਅਧਿਆਪਕ ਲਗਭਗ 2 ਸਾਲ ਤੋਂ ਆਪਣੇ ਘਰਾਂ ਤੋਂ ਦੂਰ ਦੁਰਾਡੇ 250-300 ਕਿਲੋਮੀਟਰ ਦੂਰ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਵੱਲੋਂ ਜੱਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ 3704 ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਦੇਣ ਸੰਬੰਧੀ ਕੱਲ੍ਹ ਦੁਪਹਿਰ ਤਕ ਵਿਭਾਗ ਵੱਲੋਂ ਪੱਤਰ ਜਾਰੀ ਕਰ ਦਿੱਤਾ ਜਾਵੇਗਾ। ਇਸ ਸਮੇਂ ਯੂਨੀਅਨ ਦੇ ਆਗੂਆਂ ਯਾਦਵਿੰਦਰ ਸਿੰਘ ਮੁੱਖ ਸਲਾਹਕਾਰ, ਦਵਿੰਦਰ ਸਿੰਘ ਖਜਾਨਚੀ, ਜਸਵਿੰਦਰ ਸ਼ਾਹਪੁਰ ਪ੍ਰੈਸ ਸਕੱਤਰ ਆਦਿ ਨੇ ਗੱਲਬਾਤ ਕਰਦਿਆਂ ਆਖਿਆ ਕਿ ਜੇਕਰ ਬਦਲੀਆਂ ਸੰਬੰਧੀ ਵਿਭਾਗੀ ਪੱਤਰ ਜਾਰੀ ਕਰਨ ਵਾਲ਼ੀ ਗੱਲ ਵਿੱਚ ਕੋਈ ਲਾਰਾ ਨਿਕਲਿਆ ਤੇ 3704 ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਨਾ ਦਿੱਤਾ ਗਿਆ ਤਾਂ 16 ਅਕਤੂਬਰ ਦਿਨ ਐਤਵਾਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਰੋਸ ਮਾਰਚ ਕਰਨ ਉਪਰੰਤ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉਹਨਾਂ ਨੇ ਸਮੂਹ 3704 ਅਧਿਆਪਕਾਂ ਨੂੰ 16 ਅਕਤੂਬਰ ਦੇ ਸੰਗਰੂਰ ਦੇ ਸੰਘਰਸ਼ ਸੰਬੰਧੀ ਤਿਆਰੀਆਂ ਆਰੰਭ ਕਰ ਦੇਣ ਤੇ ਵੱਧ ਤੋਂ ਵੱਧ ਅਧਿਆਪਕਾਂ ਨੂੰ ਇਸ ਸੰਬੰਧੀ ਲਾਮਬੰਦ ਕਰਕੇ ਵੱਡੀ ਗਿਣਤੀ ਵਿੱਚ ਸੰਗਰੂਰ ਪਹੁੰਚਣ ਦੀ ਅਪੀਲ ਵੀ ਕੀਤੀ।