ਪੁੱਛਗਿੱਛ ਦੌਰਾਨ ਵਿਜੀਲੈਂਸ ਦੇ ਸਭ ਕੁੱਝ ਅੱਗੇ ਰੱਖ ਦਿੱਤਾ : ਸਾਬਕਾ ਮੁੱਖ ਮੰਤਰੀ ਚੰਨੀ

ਚੰਡੀਗੜ੍ਹ, 14 ਅਪ੍ਰੈਲ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਅੱਜ ਵਿਜੀਲੈਂਸ ਵੱਲੋਂ ਤਕਰੀਬਨ 7 ਘੰਟੇ ਤੱਕ ਪੁੱਛਗਿੱਛ ਕੀਤੀ ਗਈ, ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚੰਨੀ ਨੇ ਵਿਜੀਲੈਂਸ ਦਫਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਜੋ ਵੀ ਹੈ, ਉਹ ਸਭ ਉਨ੍ਹਾਂ ਵੱਲੋਂ ਵਿਜੀਲੈਂਸ ਅੱਗੇ ਪੇਸ਼ ਕੀਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਨੇ ਦੱਸਿਆ ਕਿ ਉਨਾਂ ਕੋਲੋਂ ਹਨੀ ਦੇ ਪੈਸਿਆ ਦੇ ਮਾਮਲੇ ਸਬੰਧੀ ਵੀ ਪੁੱਛਗਿੱਛ ਕੀਤੀ ਗਈ ਸੀ, ਜਿਸ ਤੇ ਉਨ੍ਹਾਂ ਕਿਹਾ ਇਸ ਬਾਰੇ ਉਸਨੂੰ ਕੁੱਝ ਨਹੀਂ ਪਤਾ ਇਸ ਬਾਰੇ ਉਸਤੋਂ ਹੀ ਪੁੱਛਗਿੱਛ ਕੀਤੀ ਜਾਵੇ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਸਨੂੰ ਕੋਈ ਡਰ ਨਹੀਂ ਹੈ, ਭਾਵੇਂ ਉਸਨੂੰ ਗੋਲੀ ਮਾਰ ਦਿਓ। ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਜਿਸਦਾ ਘਰ ਕੁਰਕੀ ਤੇ ਲੱਗਾ ਹੋਵੇ, ਹਾਈਕੋਰਟ ਤੋਂ ਕੁਰਕੀ ਦੀ ਸਟੇਅ ਕਰਵਾਈ ਹੋਵੇ, ਉਸ ਕੋਲ ਕੀ ਜਾਇਦਾਦ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਰਾਜਨੀਤਿਕ ਪੁੱਛਗਿੱਛ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਜੀਲੈਂਸ ਨੇ ਚਰਨਜੀਤ ਸਿੰਘ ਚੰਨੀ ਤੋਂ ਆਮਦਨ ਤੋਂ ਵੱਧ ਮਾਮਲੇ ‘ਚ ਪੁੱਛਗਿੱਛ ਲਈ 50 ਤੋਂ ਜਿਆਦਾ ਸਵਾਲ ਤਿਆਰ ਕੀਤੇ ਗਏ ਸਨ। ਮਾਈਨਿੰਗ ਮਾਮਲੇ ਵਿੱਚ ਉਸ ਦੇ ਭਤੀਜੇ ਭੁਪਿੰਦਰ ਹਨੀ ਬਾਰੇ ਵੀ ਚੰਨੀ ਤੋਂ ਪੁੱਛਗਿੱਛ ਕੀਤੀ ਗਈ। ਹਨੀ ਦੇ ਕੋਲ 10 ਕਰੋੜ ਕਿੱਥੋਂ ਆਇਆ ਬਾਰੇ ਵੀ ਪੁੱਛਗਿੱਛ ਕੀਤੀ ਗਈ।। ਇਸ ਤੋਂ ਇਲਾਵਾ ਉਨ੍ਹਾਂ ਤੋਂ ਕੌਂਸਲਰ ਤੋਂ ਲੈ ਕੇ ਵਿਧਾਇਕ ਫਿਰ ਵਿਧਾਇਕ ਤੋਂ ਲੈ ਕੇ ਮੰਤਰੀ ਤੇ ਮੁੱਖ ਮੰਤਰੀ ਬਣਨ ਮਗਰੋਂ ਆਮਦਨ ਤੇ ਜਾਇਦਾਦਾਂ ਬਾਰੇ ਪੁੱਛਿਆ ਗਿਆ। ਸੱਤਾ ਤੋਂ ਉਤਰਨ ਮਗਰੋਂ ਵਿਦੇਸ਼ ਦੌਰਿਆਂ ਨੂੰ ਲੈ ਕੇ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਪੁੱਛ ਗਿੱਛ ਕੀਤੀ ਗਈ। ਵਿਜੀਲੈਂਸ ਨੇ ਚੰਨੀ ਤੋਂ ਵਿਦੇਸ਼ ਵਿੱਚ ਜਾਇਦਾਦ ਬਣਾਉਣ ਅਤੇ ਉਥੇ ਨਿਵੇਸ਼ ਕਰਨ ਲਈ ਬਾਰੇ ਕੁਝ ਸਵਾਲ ਪੁੱਛੇ ਗਏ। ਜਿਨ੍ਹਾਂ ਨੂੰ ਚੰਨੀ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ।