ਪੰਜਾਬ 'ਚ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਨੁਕਸਾਨ, ਕਿਸਾਨਾਂ ਨੇ ਮੁਆਵਜਾ ਦੇਣ ਦੀ ਕੀਤੀ ਮੰਗ

ਚੰਡੀਗੜ੍ਹ,  02 ਮਾਰਚ : ਪੰਜਾਬ 'ਚ ਸ਼ਨਿਚਰਵਾਰ ਨੂੰ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਅਤੇ ਗੜੇਮਾਰੀ ਵੀ ਹੋਈ। ਇਸ ਦੌਰਾਨ ਪੂਰਾ ਦਿਨ ਤੇਜ਼ ਹਵਾਵਾਂ ਵੀ ਚੱਲਦੀਆਂ ਰਹੀਆਂ। ਕਈ ਇਲਾਕਿਆਂ ਵਿਚ ਹੋਈ ਗੜੇਮਾਰੀ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਣ ਦਾ ਖਦਸ਼ਾ ਹੈ। ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਅਨੁਸਾਰ ਲੁਧਿਆਣਾ, ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਵਿਚ ਬਿਜਲੀ ਅਤੇ ਗੜੇਮਾਰੀ ਦੇ ਨਾਲ ਗੰਭੀਰ ਤੂਫਾਨ (ਹਵਾ ਦੀ ਗਤੀ 60-70 ਕਿਲੋਮੀਟਰ) ਦੀ ਸੰਭਾਵਨਾ ਹੈ। ਚੰਡੀਗੜ੍ਹ ਸਮੇਤ ਹਰਿਆਣਾ ਦੇ 13 ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਜਾਰੀ ਹੈ। ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ, ਜੀਂਦ, ਪਾਣੀਪਤ, ਸੋਨੀਪਤ, ਰੋਹਤਕ, ਹਿਸਾਰ, ਫਤਿਹਾਬਾਦ, ਸਿਰਸਾ ਅਤੇ ਝੱਜਰ ਵਿਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਜਦਕਿ ਬਾਕੀ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਮੀਂਹ ਅਤੇ ਗੜੇਮਾਰੀ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਸੀ। ਇਸੇ ਮੌਸਮ ਦੇ ਬਦਲਾਅ ਨੂੰ ਵੇਖਦੇ ਹੋਏ ਅੱਜ ਪੰਜਾਬ ਦੇ ਕਈ ਖੇਤਰਾਂ 'ਚ ਜ਼ੋਰਦਾਰ ਮੀਂਹ ਅਤੇ ਗੜੇਮਾਰੀ ਹੋਈ। ਉੱਥੇ ਹੀ ਕੁਦਰਤ ਦੀ ਕਰੋਪੀ ਦਾ ਕਹਿਰ ਬਠਿੰਡਾ 'ਚ ਵੇਖਣ ਨੂੰ ਮਿਲਿਆ। ਫਸਲਾਂ ਦੀ ਤਬਾਹੀ: ਮੌਸਮ 'ਚ ਬਦਲਾਅ ਨਾਲ ਜਿੱਥੇ ਠੰਡ 'ਚ ਵਾਧਾ ਹੋਇਆ ਹੈ ਅਤੇ ਉੱਥੇ ਹੀ ਫ਼ਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਕਸਬਾ ਸੰਗਤ ਭਗਤਾ, ਰਾਮਪੁਰਾ ਫੂਲ, ਗੋਨਿਆਣਾ ਇਲਾਕੇ ਵਿੱਚ ਭਾਰੀ ਗੜੇਮਾਰੀ ਹੋਣ ਕਾਰਨ ਕਣਕ ਅਤੇ ਸਰੋਂ ਦੀ ਫਸਲ ਬਰਬਾਦ ਹੋ ਗਈ। ਕਿਸਾਨਾਂ ਦਾ ਕਹਿਣਾ ਕਿ ਕੁਦਰਤੀ ਕਰੋਪੀ ਕਾਰਨ 50 ਤੋਂ 60 ਪ੍ਰਤੀਸ਼ਤ ਕਣਕ, ਸਰੋਂ ਅਤੇ ਸਬਜ਼ੀਆਂ ਬਰਬਾਦ ਹੋ ਗਈਆਂ ਹਨ ਕਿਉਂਕਿ ਤੇਜ਼ ਗੜੇਮਾਰੀ ਦੇ ਨਾਲ-ਨਾਲ ਤੇਜ਼ ਹਵਾਵਾਂ ਨੇ ਫਸਲਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਗਰਦਾਵਰੀਆਂ ਕਰਵਾ ਕੇ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇ। ਇੱਥੇ ਦੱਸਣ ਯੋਗ ਹੈ ਕਿ ਭਗਤਾ ਭਾਈ ਵਿੱਚ ਮੀਂਹ, ਝੱਖੜ ਅਤੇ ਗੜੇਮਾਰੀ ਨੇ ਭਾਰੀ ਨੁਕਸਾਨ ਕੀਤਾ ਹੈ ਅਤੇ ਡੇਰਾ ਬਿਆਸ ਵਿੱਚ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਹੈ । ਇਸ ਤੋਂ ਇਲਾਵਾ ਡੇਰਾ ਬਿਆਸ ਦਾ ਸ਼ੈਡ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਮਲੇਰਕੋਟਲਾ ਦੇ ਆਲੇ-ਦੁਆਲੇ ਇਲਾਕੇ ਵਿਚ ਅੱਜ ਮੀਂਹ ਦੇ ਨਾਲ-ਨਾਲ ਤੇਜ਼ ਗੜ੍ਹੇਮਾਰੀ ਹੋਈ ਅਤੇ ਕਾਲੀਆਂ ਘਟਾਵਾਂ ਛਾਈਆਂ। ਪੱਕਣ ਕਿਨਾਰੇ ਖੜ੍ਹੀ ਕਣਕ ਦੀ ਫ਼ਸਲ ਨੂੰ ਲੈ ਕੇ ਕਿਸਾਨ ਹੋਰ ਵੀ ਚਿੰਤਾ ਵਿਚ ਹਨ। ਉਥੇ ਹੀ ਅੱਜ ਦਿਨ ਭਰ ਤੇਜ਼ ਹਵਾਵਾਂ ਚੱਲਣ ਦੇ ਨਾਲ ਕਿਸਾਨਾਂ ਦੀਆਂ ਹਰੀਆਂ-ਭਰੀਆਂ ਕਣਕ ਦੀਆਂ ਫ਼ਸਲਾਂ ਧਰਤੀ ’ਤੇ ਵਿਛ ਗਈਆਂ। ਉੱਧਰ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਤੇਜ਼ ਤੂਫ਼ਾਨ ਤੇ ਅਸਮਾਨੀ ਬਿਜਲੀ ਡਿੱਗਣ ਦਾ ਅਲਰਟ ਜਾਰੀ ਕੀਤਾ ਹੈ।  ਲੰਬੀ ਹਲਕੇ ਵਿੱਚ ਮੀਂਹ ਅਤੇ ਗੜੇਮਾਰੀ ਨਾਲ ਪਿੰਡਾਂ ਵਿੱਚ ਕਣਕ ਦੀ ਖੜੀ ਫਸਲ ਨੁਕਸਾਨ ਦੇ ਰਾਹ ਪੈ ਗਈ। ਕਰੀਬ ਦੋ-ਤਿੰਨ ਵਾਰ ਵਿੱਚ ਲਗਪਗ 5-6 ਮਿੰਟ ਦੀ ਗੜੇਮਾਰੀ ਨੇ ਬਾਦਲ, ਗੱਗੜ, ਮਿੱਠੜੀ, ਖਿਓਵਾਲੀ, ਚਨੂੰ, ਲਾਲਬਾਈ, ਲੰਬੀ ਅਤੇ ਪੰਜਾਵਾ ਵਿਖੇ ਮੁੱਢਲੇ ਤੌਰ ‘ਤੇ ਕਣਕ ਦੀ ਫਸਲ 15 ਤੋਂ 20 ਫੀਸਦੀ ਨੁਕਸਾਨ ਹੋਇਆ ਹੈ। ਜ਼ਿਆਦਾਤਰ ਪਾਣੀ ਲੱਗੇ ਖੇਤਾਂ ਵਿਚਲੀ ਕਣਕ ਅਤੇ ਅਗੇਤੀ ਕਣਕਾਂ ਵੀ ਗੜੇਮਾਰੀ ਕਾਰਨ ਵਿਛ ਗਈਆਂ ਹਨ। ਖੇਤਰ ਪਿੰਡ ਗੱਗੜ, ਕੱਖਾਂਵਾਲੀ, ਬਾਦਲ, ਮਿੱਠੜੀ ਬੁੱਧਗਿਰ, ਚਨੂੰ, ਲਾਲਬਾਈ, ਲੰਬੀ, ਪੰਜਾਵਾ, ਖਿਓਵਾਲੀ ਸਮੇਤ ਹੋਰਨਾਂ ਪਿੰਡਾਂ ਵਿਚ ਗੜੇਮਾਰੀ ਹੋਣ ਸੂਚਨਾ ਹੈ। ਲੰਬੀ ਖੇਤੀਬਾੜੀ ਬਲਾਕ ਦੇ ਏਡੀਏ ਸੁਖਚੈਨ ਸਿੰਘ ਨੇ ਕਿਹਾ ਕਿ ਪਿੰਡਾਂ ਵਿਚੋਂ ਗੜੇਮਾਰੀ ਸਬੰਧੀ ਰਿਪੋਰਟ ਲੈ ਕੇ ਸਰਕਾਰ ਨੂੰ ਭੇਜੀ ਜਾਵੇਗੀ।