ਪੰਜਾਬ ’ਚ ਸਾਰਾ ਦਿਨ ਸੰਘਣੀ ਧੁੰਦ ਛਾਈ ਰਹੀ, ਸੀਤ ਲਹਿਰ ਨੇ ਠਾਰਿਆ 

ਚੰਡੀਗੜ੍ਹ, 19 ਜਨਵਰੀ : ਪੰਜਾਬ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਰਹੀ। ਹਰਿਆਣਾ ਅਤੇ ਚੰਡੀਗੜ੍ਹ ਵੀ ਧੁੰਦ ਦੀ ਲਪੇਟ ਵਿਚ ਹਨ। ਇੱਥੇ ਵਿਜ਼ੀਬਿਲਟੀ 50 ਤੋਂ 200 ਮੀਟਰ ਤੱਕ ਸੀ। ਪੰਜਾਬ ’ਚ ਸਾਰਾ ਦਿਨ ਸੰਘਣੀ ਧੁੰਦ ਛਾਈ ਰਹੀ। ਸੀਤ ਲਹਿਰ ਨੇ ਕਾਂਬਾ ਹੋਰ ਵਧਾ ਦਿੱਤਾ। ਕਈ ਸ਼ਹਿਰਾਂ ’ਚ ਦ੍ਰਿਸ਼ਤਾ ਸਿਫਰ ਰਹੀ। ਲੁਧਿਆਣਾ ਤੇ ਨਵਾਂ ਸ਼ਹਿਰ (ਐੱਸਬੀਐੱਸ ਨਗਰ) ਦਿਨ ਵੇਲੇ ਸਭ ਤੋਂ ਠੰਢੇ ਰਹੇ। ਨਵਾਂ ਸ਼ਹਿਰ ’ਚ ਵੱਧ ਤੋਂ ਵੱਧ ਤਾਪਮਾਨ 9.4 ਤੇ ਘੱਟੋ-ਘੱਟ ਤਾਪਮਾਨ 5.8 ਤੇ ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ 9.8 ਤੇ ਘੱਟੋ-ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਕਰੀਬ ਅੱਠ ਡਿਗਰੀ ਸੈਲਸੀਅਸ ਘੱਟ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਨੇ ਸ਼ਨਿਚਰਵਾਰ ਨੂੰ ਵੀ ਸੰਘਣੀ ਧੁੰਦ ਪੈਣ ਤੇ ਅੱਤ ਸੀਤ ਲਹਿਰ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। 22 ਜਨਵਰੀ ਤੋਂ ਬਾਅਦ ਹੀ ਠੰਢ ਘੱਟ ਹੋਣ ਦੀ ਸੰਭਾਵਨਾ ਹੈ। ਲੁਧਿਆਣਾ ’ਚ 1970 ਯਾਨੀ 53 ਸਾਲ ਬਾਅਦ 19 ਜਨਵਰੀ ਨੂੰ ਦਿਨ ਤਾਪਮਾਨ 9.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਅੰਮ੍ਰਿਤਸਰ ਪਟਿਆਲਾ, ਲੁਧਿਆਣਾ, ਆਦਮਪੁਰ, ਪਠਾਨਕੋਟ, ਬਠਿੰਡਾ, ਗੁਰਦਾਸਪੁਰ, ਬੱਲੋਵਾਲ ’ਚ ਦ੍ਰਿਸ਼ਤਾ 50 ਮੀਟਰ ਤੋਂ ਘੱਟ ਰਹੀ। ਇਨ੍ਹਾਂ ਜ਼ਿਲ੍ਹਿਆਂ ’ਚ ਠੰਢਾ ਦਿਨ ਤੇ ਅੱਤ ਦਾ ਠੰਢਾ ਦਿ ਵਾਲੀ ਸਥਿਤੀ ਰਹੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕਿੰਗਰਾ ਮੁਤਾਬਕ ਕੋਰੇ ਕਾਰਨ ਸਬਜ਼ੀਆਂ ਨੂੰ ਨੁਕਸਾਨ ਹੋ ਸਕਦਾ ਹੈ। ਕਣਕ ਲਈ ਠੰਢ ਫ਼ਾਇਦੇਮੰਦ ਹੈ।