ਜਲੰਧਰ ਕੈਂਟ ‘ਚ ਅੰਗੀਠੀ ਦੇ ਜ਼ਹਿਰੀਲੇ ਧੂੰਏ ਕਾਰਨ ਪਿਓ-ਪੁੱਤ ਦੀ ਮੌਤ

ਜਲੰਧਰ, 22 ਜਨਵਰੀ : ਜਲੰਧਰ ਕੈਂਟ ‘ਚ ਅੰਗੀਠੀ ਦੇ ਜ਼ਹਿਰੀਲੇ ਧੂੰਏ ਕਾਰਨ ਪਿਓ-ਪੁੱਤ ਦੀ ਮੌਤ ਹੋਣ ਜਾਣ ਦੀ ਦੁੱਖਦਾਈ ਖਬਰ ਹੈ। ਤੀਸਰਾ ਨੌਜਵਾਨ ਜ਼ੇਰੇ ਇਲਾਜ ਹਸਪਤਾਲ ‘ਚ ਦਾਖ਼ਲ ਹੈ। ਮਿਲੀ ਜਾਣਕਾਰੀ ਅਨੁਸਾਰ ਜਲੰਧਰ ਕੈਂਟ ਦੀ ਧੱਕਾ ਕਲੋਨੀ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਾਮ ਬਲੀ ਮੋਚੀ ਆਪਣੇ ਪੁੱਤਰ ਨਵੀਨ ਕੁਮਾਰ ਅਤੇ ਚਚੇਰੇ ਭਰਾ ਰਾਜੇਸ਼ ਕੁਮਾਰ ਨਾਲ ਰਹਿੰਦਾ ਸੀ, ਤਿੰਨੇ ਹੀ ਮਿਸਤਰੀ ਦਾ ਕੰਮ ਕਰਦੇ ਸਨ, ਸਵੇਰ ਸਮੇਂ ਜਦੋਂ ਤਿੰਨੇ ਕੰਮ ਤੇ ਜਾਣ ਲਈ ਨਾ ਉੱਠੇ ਤਾਂ ਗੁਆਂਢੀਆਂ ਨੇ ਅਵਾਜ਼ ਦਿੱਤੀ ਅਤੇ ਪਾਣੀ ਭਰਨ ਲਈ ਕਿਹਾ, ਜਦੋਂ ਅੰਦਰ ਕੋਈ ਅਵਾਜ਼ ਨਾ ਆਈ ਤਾਂ ਜਿਸ ਤੋਂ ਬਾਅਦ ਗੁਆਂਢੀਆਂ ਨੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਪਿਓ ਪੁੱਤ ਮ੍ਰਿਤਕ ਪਾਏ ਹਨ, ਜਦੋਂ ਕਿ ਰਾਜੇਸ਼ ਦਾ ਸ਼ਾਹ ਚੱਲ ਰਿਹਾ ਸੀ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਅਤੇ ਰਾਜੇਸ਼ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਅਤੇ ਦੋਵੇਂ ਪਿਓ ਰਾਮ ਬਲੀ ਮੋਚੀ ਅਤੇ ਪੁੱਤ ਨਵੀਨ ਕੁਮਾਰ ਦੀਆਂ ਲਾਸ਼ਾਂ ਨੁੰ ਕਬਜੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਪੁਲਿਸ ਨੇ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਜ਼ੇਰੇ ਇਲਾਜ ਰਾਜੇਸ਼ ਕੁਮਾਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਤਿੰਨੋ ਠੰਡ ਤੋਂ ਬਚਣ ਲਈ ਰਾਤ ਸਮੇਂ ਅੰਗੀਠੀ ਬਾਲ ਕੇ ਸੁੱਤੇ ਸਨ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।