ਰਾਮਗੜ੍ਹ ਸਰਦਾਰਾਂ ਦਾ ਅਗਨੀਵੀਰ ਅਜੈ ਸਿੰਘ ਰਾਜੌਰੀ ਚ ਧਮਾਕੇ ਦੌਰਾਨ ਹੋਇਆ ਸ਼ਹੀਦ

  • ਛੇ ਭੈਣਾ ਦਾ ਇਕੱਲਾ ਭਰਾ ਸੀ

ਮਲੌਦ 19 ਜਨਵਰੀ (ਬੇਅੰਤ ਸਿੰਘ ਰੋੜੀਆਂ) : ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਅਗਨੀਵੀਰ ਸਕੀਮ ਦੀ ਪਹਿਲੀ ਭਰਤੀ ਦੌਰਾਨ ਜਨਵਰੀ 2023 ਵਿਚ ਦੇਸ਼ ਦੀ ਸੇਵਾ ਲਈ ਗਿਆ ਅਜੇ ਸਿੰਘ ਹਾਲੀਂ ਸਤੰਬਰ ਮਹੀਨੇ 'ਚ  ਆਪਣੀ ਪਹਿਲੀ ਛੁੱਟੀ ਕੱਟ ਕੇ ਗਿਆ ਸੀ। ਆਪਣੇ ਪਰਿਵਾਰ ਤੋਂ ਇਲਾਵਾ ਦੋਸਤਾਂ ਮਿੱਤਰਾਂ ਨੂੰ ਹੁਣ ਤਕ ਦੀ ਨੌਕਰੀ ਦੌਰਾਨ ਕੀਤੀਆਂ ਸ਼ਲਾਘਾਯੋਗ ਪ੍ਰਾਪਤੀਆਂ ਬਾਰੇ ਦੱਸਦਾ ਨਹੀਂ ਥਕਦਾ ਸੀ। ਅਜੈ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ 4 ਭੈਣਾਂ ਵਿਆਹੀਆਂ ਹੋਈਆਂ ਹਨ ਅਤੇ 2 ਕੁਆਰੀਆਂ ਹਨ ਅਤੇ ਆਪ ਵੀ ਅਜੇ ਕੁਆਰਾ ਸੀ। ਸ਼ਹੀਦ ਦੇ ਕਰੀਬੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਜੈ ਸਿੰਘ ਆਪਣੇ ਦੋ ਸਾਥੀਆਂ ਸੂਬੇਦਾਰ ਧਰਮਿੰਦਰ ਸਿੰਘ ਅਤੇ ਸਿਪਾਹੀ ਬਲਵੰਤ ਸਿੰਘ ਸਮੇਤ ਰਜੌਰੀ ਜਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿਖੇ ਰੁਟੀਨ ਗਸ਼ਤ ਉਤੇ ਜਾ ਰਿਹਾ ਸੀ ਕਿ ਜ਼ਮੀਨ ਹੇਠ ਲਗਾਈ ਗਈ ਇਕ ਬਰੂਦੀ ਸੁਰੰਗ ਫਟਣ ਨਾਲ ਤਿੰਨੋਂ ਜਣੇ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਊਧਮਪੁਰ ਦੇ ਬੇਸ ਕੈਂਪ ਹਸਪਤਾਲ ਵਿਖੇ ਲਿਆਉਣ ਤੋਂ ਬਾਅਦ ਅਜੈ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ । ਸ਼ਹੀਦ ਅਜੈ ਸਿੰਘ ਦੇ ਪਿਤਾ ਚਰਨਜੀਤ ਸਿੰਘ ਕਾਲਾ ਅਤੇ ਪਰਿਵਾਰ ਨੂੰ ਦੇਰ ਸ਼ਾਮ ਜਾਣਕਾਰੀ ਮਿਲਣ ਤੋਂ ਬਾਦ ਪਰਿਵਾਰ ਸਦਮੇ ਵਿਚ ਹੈ। ਸੈਨਿਕ ਭਲਾਈ ਬੋਰਡ ਰਾਹੀਂ ਅੱਜ ਸ਼ਹੀਦ ਦੀ ਮ੍ਰਿਤਕ ਦੇਹ ਆਉਣ ਤੋਂ ਬਾਅਦ ਸਰਕਾਰੀ ਰਸਮਾਂ ਅਨੁਸਾਰ ਸਸਕਾਰ ਪਿੰਡ ਵਿਖੇ ਕੀਤਾ ਜਾਵੇਗਾ।