ਬਨਭੌਰਾ ਅਤੇ ਢਢੋਗਲ ਨੇੜੇ ਡਰੇਨ 'ਚੋਂ ਗਊਆਂ ਦੇ ਸਿਰ ਅਤੇ ਹੋਰ ਅੰਗ ਮਿਲੇ

 

ਮਾਲੇਰਕੋਟਲਾ : ਨਜਦੀਕੀ ਪਿੰਡ ਬਨਭੌਰਾ ਅਤੇ ਢਢੋਗਲ ਕੋਲੋਂ ਲੰਘਦੀ ਡਰੇਨ ਵਿੱਚ ਵੱਡੀ ਮਾਤਰਾ ’ਚ ਗਊਆਂ ਦੇ ਵੱਢੇ ਹੋਏ ਸਿਰ ਅਤੇ ਹੋਰ ਅੰਗ ਬੋਰੀਆਂ ਵਿੱਚ ਪਾਕੇ ਸੁੱਟੇ ਹੋਏ ਮਿਲੇ ਹਨ। ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਅਵਨੀਤ ਕੌਰ ਸਿੱਧੂ ਨੇ ਤੁਰੰਤ ਘਟਨਾ ਸਥਾਨ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਅਤੇ ਉਨ੍ਹਾਂ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਲੋਕਾਂ ਨੂੰ ਅਮਨ ਸ਼ਾਂਤੀ ਬਣਾਕੇ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਮਾਜ ਵਿਰੋਧੀ ਮਾੜੇ ਅਨਸਰਾਂ ਦਾ ਕੰਮ ਹੈ ਜੋ ਪੰਜਾਬ ਦਾ ਮਹੌਲ ਖਰਾਬ ਕਰਨਾ ਚਾਹੁੰਦੇ ਹਨ, ਪਰ ਪੁਲਿਸ ਉਨ੍ਹਾਂ ਨੂੰ ਉਹਨਾਂ ਦੇ ਮਨਸੂਬਿਆਂ ਵਿੱਚ ਸਫਲ ਨਹੀਂ ਹੋਣ ਦੇਵੇਗੀ, ਦੋਸ਼ੀ ਜਲਦ ਸਲਾਖਾਂ ਪਿੱਛੇ ਹੋਣਗੇ। ਸਰਕਲ ਅਮਰਗੜ੍ਹ ਅਤੇ ਧੂਰੀ ਦੇ ਡੀ.ਐਸ.ਪੀਜ ਜੋ ਭਾਰੀ ਪੁਲਿਸ ਫੋਰਸ ਲੈਕੇ ਮੌਕੇ ’ਤੇ ਪਹੁੰਚੇ ਹੋਏ ਸਨ, ਇਨ੍ਹਾਂ ਦੋਵੇਂ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਕੁਝ ਸ਼ਰਾਰਤੀ ਲੋਕਾਂ ਦਾ ਕੰਮ ਹੈ ਪੁਲਿਸ ਇਸ ਸਬੰਧੀ ਮਾਮਲਾ ਦਰਜ ਕਰਕੇ ਜਲਦੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਵੇਗੀ। ਉਨ੍ਹਾਂ ਆਮ ਪਬਲਿਕ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਉਤੇਜਿਤ ਹੋ ਕੇ ਕੋਈ ਗਲਤ ਕਦਮ ਨਾ ਚੁੱਕਣ ਜਿਸ ਨਾਲ ਅਮਨ ਕਾਨੂੰਨ ਨੂੰ ਕੋਈ ਨੁਕਸਾਨ ਪਹੁੰਚੇ। ਇਸ ਸਬੰਧੀ ਮੌਕੇ ’ਤੇ ਮੌਜੂਦ ਬਾਬਾ ਹਰਬੰਸ ਸਿੰਘ ਜੈਨਪੁਰ ਦਾ ਕਹਿਣਾ ਕਿ ਮਹੌਲ ਖਰਾਬ ਕਰਨ ਵਾਲੇ ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਡੀ.ਐਸ.ਪੀ ਅਮਰਗੜ੍ਹ ਗੁਰਇਕਬਾਲ ਸਿੰਘ, ਡੀ.ਐਸ.ਪੀ ਧੂਰੀ ਯੋਗੇਸ਼ ਕੁਮਾਰ, ਥਾਣਾ ਮੁੱਖੀ ਅਮਰਗੜ੍ਹ ਥਾਣੇਦਾਰ ਵਿਨਰਪ੍ਰੀਤ ਸਿੰਘ ਔਲਖ, ਥਾਣਾ ਮੁੱਖੀ ਧੂਰੀ ਸਦਰ ਇੰ.ਸੁਖਵਿੰਦਰ ਸਿੰਘ ਗਿੱਲ ਵੱਡੀ ਗਿਣਤੀ ਪੁਲਿਸ ਫੋਰਸ ਸਮੇਤ ਘਟਨਾ ਸਥਾਨਾਂ ਤੇ ਪਹੁੰਚੇ ਹੋਏ ਸਨ।ਇਸ ਤੋਂ ਇਲਾਵਾ ਪਿੰਡ ਬਨਭੌਰਾ ਦੀ ਸਰਪੰਚ ਦੇ ਪਤੀ ਸੁਖਦੀਪ ਸਿੰਘ ਗੋਲਡੀ, ਬਾਬਾ ਹਰਬੰਸ ਸਿੰਘ ਜੈਨਪੁਰ ਅਤੇ ਵੱਡੀ ਗਿਣਤੀ ਲੋਕ ਘਟਨਾ ਸਥਾਨਾਂ ਉਪਰ ਪਹੁੰਚ ਚੁੱਕੇ ਸਨ।