ਕਾਂਗਰਸ ਨੇ ਤਾਂ ਹਮੇਸ਼ਾ ਹੀ ਲੋਕਤੰਤਰ ਦੇ ਘਾਣ ਨੂੰ ਹੱਸ ਕੇ ਸਵੀਕਾਰ ਕੀਤਾ ਹੈ : ਕੰਗ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਰਾਜਾ ਵੜਿੰਗ ਵੱਲੋਂ ਰਾਜਪਾਲ ਦੀ 'ਸ਼ਲਾਘਾ' ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਨੇ ਪੂਰੀ ਤਰ੍ਹਾਂ ਭਾਜਪਾ ਅੱਗੇ ਗੋਡੇ ਟੇਕ ਦਿੱਤੇ ਹਨ ਅਤੇ ਕਾਂਗਰਸੀ ਲੋਕਤੰਤਰ ਦੇ ਘਾਣ ਨੂੰ ਹਮੇਸ਼ਾ ਤੋਂ ਹੀ ਹੱਸ ਕੇ ਸਵੀਕਾਰ ਕਰਦੇ ਰਹੇ ਹਨ। ਪਾਰਟੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ, "ਕਾਸ਼! ਰਾਜਾ ਵੜਿੰਗ ਜੀ ਨੇ ਇਹ ਫ਼ਿਕਰਮੰਦੀ ਉਦੋਂ ਦਿਖਾਈ ਹੁੰਦੀ ਜਦੋਂ ਭਾਜਪਾ ਅਸੰਵਿਧਾਨਿਕ ਤਰੀਕੇ ਨਾਲ ਇਹਨਾਂ ਦੀਆਂ ਸੂਬਾ ਸਰਕਾਰਾਂ ਤੋੜ ਰਹੀ ਸੀ। ਭਾਜਪਾ ਨੇ ਲੋਕਤੰਤਰ ਦੀਆਂ ਧੱਜੀਆਂ ਉਡਾ, ਕਾਂਗਰਸ ਦੇ ਵਿਧਾਇਕਾਂ ਨੂੰ ਖਰੀਦ ਕੇ ਲੋਕਾਂ ਦੇ ਫ਼ਤਵੇ ਨਾਲ ਬਣੀਆਂ ਸਰਕਾਰਾਂ ਡੇਗ ਦਿੱਤੀਆਂ। ਪਰ, ਕਾਂਗਰਸੀ ਲੋਕਤੰਤਰ ਦੀ ਰੱਖਿਆ ਕਰਨ ਬਜਾਏ ਚੁੱਪਚਾਪ ਇਹ ਤਮਾਸ਼ਾ ਦੇਖਦੇ ਰਹੇ।" ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਕਿਸ ਮੂੰਹ ਨਾਲ ਕਿਸੇ ਨੂੰ ਲੋਕਤੰਤਰ ਅਤੇ ਸੰਵਿਧਾਨ ਦੀ ਸਿੱਖਿਆ ਦੇਣਗੇ ਜਿਨ੍ਹਾਂ ਆਪ ਹਮੇਸ਼ਾ ਆਮ ਲੋਕਾਂ ਅਤੇ ਸੰਵਿਧਾਨ ਦੀ ਭਾਵਨਾ ਦੇ ਖਿਲਾਫ ਨਿੱਜੀ ਹਿੱਤਾਂ ਲਈ ਕੰਮ ਕੀਤਾ ਹੈ।