ਸੀਆਈਏ ਐਸਏਐਸ ਨਗਰ ਨੇ ਦੋ ਨੌਜਵਾਨਾਂ ਨੂੰ 10 ਕਿਲੋ ਅਫੀਮ ਸਮੇਤ ਕੀਤਾ ਕਾਬੂ 

ਐਸ.ਏ.ਐਸ ਨਗਰ, 27 ਅਗਸਤ 2024 : ਐਸਏਐਸ ਨਗਰ ਪੁਲਿਸ ਦੀ ਸੀਆਈਏ ਸ਼ਾਖਾ ਨੇ ਅੰਬਾਲਾ-ਚੰਡੀਗੜ੍ਹ ਮੁੱਖ ਸੜਕ ’ਤੇ ਸਥਿਤ ਦੱਪਰ ਟੋਲ ਪਲਾਜ਼ਾ ਨੇੜੇ ਦੋ ਵਿਅਕਤੀਆਂ ਨੂੰ 10 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਇੰਦਰਜੀਤ ਸਿੰਘ ਅਤੇ ਨਵਪ੍ਰੀਤ ਸਿੰਘ ਵਾਸੀ ਰਸੂਲਪੁਰ, ਥਾਣਾ ਸਦਰ ਤਰਨਤਾਰਨ ਵਜੋਂ ਹੋਈ ਹੈ। ਇਹ ਦੋਵੇਂ ਤਸਕਰ ਸਰਕਾਰੀ ਬੱਸਾਂ ਹੀਂ ਉੱਤਰ ਪ੍ਰਦੇਸ਼ ਦੇ ਝਾਰਖੰਡ ਤੋਂ ਨਸ਼ੀਲਾ ਪਦਾਰਥ ਲਿਆਉਂਦੇ ਸਨ। ਰਾਜਪੁਰਾ ਤੋਂ ਅੰਮ੍ਰਿਤਸਰ ਤੱਕ ਪਬਲਿਕ ਟਰਾਂਸਪੋਰਟ ’ਤੇ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਫੀਮ ਸਪਲਾਈ ਕਰਦੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਐੱਸਆਈ (SI) ਹਰਭੇਜ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਦੂਜੇ ਸੂਬਿਆਂ ’ਚੋਂ ਅਫ਼ੀਮ ਲਿਆ ਵੱਖ-ਵੱਖ ਜ਼ਿਲ੍ਹਿਆਂ ’ਚ ਸਪਲਾਈ ਕਰਦੇ ਸਨ। ਇਨ੍ਹਾਂ ਦੋਵਾਂ ਨੂੰ ਲਾਲੜੂ ਨੇੜੇ ਦੱਪਰ ਟੋਲ ਪਲਾਜ਼ਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਹਾਂ ਨੇ ਪੰਜ-ਪੰਜ ਕਿਲੋ ਕਰਕੇ ਅਫ਼ੀਮ ਆਪਣੇ ਪਿੱਠੂ ਬੈਗਾਂ ’ਚ ਪਾਈ ਹੋਈ ਸੀ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਵਾਸੀ ਤਰਨਤਾਰਨ ਉਮਰ 25 ਸਾਲ ਹੈ। ਦੂਸਰਾ ਉਸ ਦਾ ਸਾਥੀ ਨਵਪ੍ਰੀਤ ਸਿੰਘ ਸੀ, ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਉਮਰ 25 ਸਾਲ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐੱਸ (NDPS) ਐਕਟ ਤਹਿਤ ਮਾਮਲਾ ਦਰਜ ਕਰਨ ਉਪਰੰਤ ਡੇਰਾਬਸੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਪੇਸ਼ੀ ਦੌਰਾਨ ਉਨ੍ਹਾਂ ਨੂੰ ਅਦਾਲਤ ਨੇ ਦੋ ਦਿਨਾਂ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਹਾਲਾਂਕਿ ਅਗਲੇਰੀ ਜਾਂਚ ‘ਚ ਇਸ ਤੋਂ ਵੀ ਵੱਡੇ ਖੁਲਾਸੇ ਹੋਣ ਦੀ ਚਰਚਾ ਹੈ। ਤਸਕਰਾਂ ਤੋਂ ਪੁਛਗਿੱਛ ਕੀਤਾ ਜਾਵੇਗੀ ਕਿ ਉਹ ਨਸ਼ੇ ਦਾ ਵੱਡਾ ਕਾਰੋਬਾਰ ਕਿਵੇਂ ਚਲਾਉਂਦੇ ਸਨ ਅਤੇ ਕੀ ਇਹ ਦੋਵੇਂ ਹੀ ਸਨ ਜਾਂ ਇਨ੍ਹਾਂ ਪਿਛੇ ਹੋਰ ਸੂਬਿਆਂ ਦੇ ਗਿਰੋਹ ਵੀ ਸ਼ਾਮਲ ਹਨ।