ਮੁੱਖ ਮੰਤਰੀ ਟਵੀਟ ਕਰਕੇ ਸੰਗਤ 'ਚ ਬੇਲੋੜੇ ਵਿਵਾਦ ਅਤੇ ਦੁਵਿਧਾ ਪੈਦਾ ਨਾ ਕਰਨ : ਪ੍ਰਧਾਨ ਧਾਮੀ 

ਚੰਡੀਗੜ੍ਹ, 21 ਮਈ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਟਵੀਟ ਕਰਕੇ ਸੰਗਤ 'ਚ ਬੇਲੋੜੇ ਵਿਵਾਦ ਅਤੇ ਦੁਵਿਧਾ ਪੈਦਾ ਨਾ ਕਰਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਟਵੀਟ ਕਰਕੇ ਕਿਹਾ ਕਿ, ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਗੁਰੂ ਘਰਾਂ ਦਾ ਪ੍ਰਬੰਧ ਕਰਨ ਦੇ ਸਮਰੱਥ ਹੈ। ਮੁੱਖ ਮੰਤਰੀ ਜੀ, ਗੁਰਬਾਣੀ ਪ੍ਰਸਾਰਣ ਜਾਂ ਗੁਰੂ ਘਰਾਂ ਦੇ ਮਾਮਲਿਆਂ ਬਾਰੇ ਟਵੀਟ ਕਰਕੇ ਸੰਗਤ 'ਚ ਬੇਲੋੜੇ ਵਿਵਾਦ ਅਤੇ ਦੁਵਿਧਾ ਪੈਦਾ ਨਾ ਕਰੋ। ਸਿੱਖ ਸੰਸਥਾ ਅਤੇ ਕੌਮ ਦੇ ਕੀਤੇ ਜਾਣ ਵਾਲੇ ਪੰਥਕ ਕਾਰਜਾਂ ਦੇ ਅਧਿਕਾਰ ਖੇਤਰ ਹੋਰ ਹੁੰਦੇ ਹਨ ਅਤੇ ਸਰਕਾਰਾਂ ਦੇ ਅਧਿਕਾਰ ਖੇਤਰ ਵੱਖਰੇ ਹੁੰਦੇ ਹਨ। ਸਰਕਾਰ ਦੇ ਅਧਿਕਾਰ ਖੇਤਰ ਵਿੱਚ ਤੁਹਾਡੀ ਸਰਕਾਰ ਨਾਕਾਮ ਸਾਬਤ ਹੋ ਰਹੀ ਹੈ। ਤੁਸੀਂ ਸ੍ਰੀ ਦਰਬਾਰ ਸਾਹਿਬ ਦੀ ਗੱਲ ਕਰਦੇ ਹੋ, ਇਸ ਕੇਂਦਰੀ ਸਿੱਖ ਅਸਥਾਨ ਦੇ ਆਲੇ-ਦੁਆਲੇ ਸਰਕਾਰ ਤਰਫੋਂ ਕੀਤੇ ਜਾਣ ਵਾਲੇ ਕਾਰਜਾਂ ਦੀ ਸਥਿਤੀ ਦੇਖੋ ਕੀ ਹੈ? ਸਰਕਾਰ ਦੇ ਅਧਿਕਾਰ ਵਾਲਾ ਗਲਿਆਰਾ ਉੱਜੜ ਚੁੱਕਾ ਹੈ। ਵਿਰਾਸਤੀ ਮਾਰਗ ਦੇ ਰੱਖ-ਰਖਾਅ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਰਸਤਿਆਂ ਦਾ ਬੁਰਾ ਹਾਲ ਦੇਖੋ। ਭਾਵੇਂ ਸਰਕਾਰ ਕੋਲ ਪੈਸਾ ਹੈ, ਜੋ ਲੋਕਾਂ ਦਾ ਹੀ ਹੈ, ਪਰ ਆਪਣੀ ਤਰਫੋਂ ਪੈਸਾ ਜਿੱਥੇ ਲਾਉਣ ਵਾਲਾ ਹੈ ਉਥੇ ਲਾਓ। ਬਿਨਾਂ ਮਤਲਬ ਗੁਰਬਾਣੀ ਪ੍ਰਸਾਰਣ ਲਈ ਖ਼ਰਚ ਦੀ ਗੱਲ ਕਰਕੇ ਕੌਮ ਨੂੰ ਦੁਵਿਧਾ ਵਿਚ ਨਾ ਪਾਓ।