ਚੰਡੀਗੜ੍ਹ, 12 ਨਵੰਬਰ 2024 : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਝੋਨੇ ਦੀ ਸਮੇਂ ਸਿਰ ਖਰੀਦ ਨੂੰ ਯਕੀਨੀ ਬਣਾਉਣ ਵਿੱਚ ਸੂਬਾ ਸਰਕਾਰ ਦੀ ਨਾਕਾਮੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ “ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਕਰੋਨਾ ਕਾਲ ਵਰਗੇ ਔਖੇ ਸਮੇਂ ਵਿੱਚ ਵੀ ਫਸਲਾਂ ਦੀ ਨਿਰਵਿਘਨ ਖਰੀਦ ਕੀਤੀ ਗਈ ਜਦਕਿ ਹੁਣ ਪੰਜਾਬ ਵਿੱਚ ਵਰਿਆਂ ਤੋਂ ਸਥਾਪਤ ਅਤੇ ਪੁਖਤਾ ਖਰੀਦ ਢਾਂਚਾ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੀ ਅਨਾੜੀ ਸਰਕਾਰ ਝੋਨੇ ਨੂੰ ਖਰੀਦਣ ਵਿੱਚ ਅਸਫਲ ਸਿੱਧ ਹੋ ਰਹੀ ਹੈ। ਮੰਡੀਆਂ ਵਿੱਚ ਰੁਲਦੇ ਕਿਸਾਨ ਆਤਮ ਹੱਤਿਆ ਕਰ ਰਹੇ ਹਨ ਅਤੇ ਸਰਕਾਰ ਆਪਣੀਆਂ ਨਕਾਮੀਆਂ ਛੁਪਾਉਣ ਲਈ ਮੰਡੀਆਂ ਵਿੱਚ ਬੈਠੇ ਕਿਸਾਨਾਂ ਤੇ ਲਾਠੀਚਾਰਜ ਤੱਕ ਕਰ ਰਹੀ ਹੈ। ਰਾਇਕੇ ਮੰਡੀ ਦੀ ਤਾਜਾ ਘਟਨਾ ਇਸਦੀ ਗਵਾਹੀ ਭਰਦੀ ਹੈ।ਵਿਰੋਧੀ ਧਿਰ ਦੀ ਚੁੱਪ ਹੋਰ ਵੀ ਦੁਖਦਾਈ ਹੈ। ਜੇਕਰ ਮੁੱਖ ਮੰਤਰੀ ਕੋਲ ਰੱਤੀ ਭਰ ਵੀ ਨੈਤਿਕਤਾ ਬਚੀ ਹੈ ਤਾਂ ਓਹਨਾ ਨੂੰ ਆਪਣੀ ਅਸਫਲਤਾ ਸਵੀਕਾਰ ਕਰਦਿਆਂ ਕੁਰਸੀ ਛੱਡ ਦੇਣੀ ਚਾਹੀਦੀ ਹੈ ਜਾਂ ਫਿਰ ਬਿਨਾਂ ਦੇਰੀ ਕੀਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਚਾਹੀਦਾ ਹੈ।”