ਮੁੱਖ ਮੰਤਰੀ ਭਗਵੰਤ ਮਾਨ ਨੇ 6 ਮੰਤਰੀਆਂ ਦੇ ਮਹਿਕਮੇ ਬਦਲੇ

ਚੰਡੀਗੜ੍ਹ, 15 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਕੈਬਨਿਟ ਮੰਤਰੀਆਂ ਦੇ ਮਹਿਕਮਿਆਂ 'ਚ ਬਦਲਾਅ ਕੀਤਾ ਗਿਆ ਹੈ। ਮੁੱਖ ਮੰਤਰੀ ਮਾਨ ਵੱਲੋਂ ਆਪਣੇ 6 ਮੰਤਰੀਆਂ ਦੇ ਮਹਿਕਮਿਆਂ 'ਚ ਬਦਲਾਅ ਕੀਤਾ ਗਿਆ ਹੈ।  ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਮੁੱਖ ਮੰਤਰੀ ਭਗਵੰਤ ਮਾਨ, ਅਮਨ ਅਰੋੜਾ, ਗੁਰਮੀਤ ਸਿੰਘ ਮੀਤ ਹੇਅਰ, ਲਾਲਜੀਤ ਸਿੰਘ ਭੁੱਲਰ, ਚੇਤਨ ਸਿੰਘ ਜੌੜਾਮਾਜਰਾ ਅਤੇ ਅਨਮੋਲ ਗਗਨ ਮਾਨ ਦੇ ਨਾਂਅ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਸ਼ਹਿਰੀ ਵਿਕਾਸ ਵਿਭਾਗ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਾਪਸ ਲੈ ਲਿਆ ਗਿਆ ਹੈ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਹੁਣ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੋਵੇਗਾ। ਇਸ ਦੀ ਥਾਂ ਅਮਨ ਅਰੋੜਾ ਨੂੰ ਪ੍ਰਸ਼ਾਸਨਿਕ ਸੁਧਾਰ ਵਿਭਾਗ ਮਿਲ ਗਿਆ ਹੈ। ਅਰੋੜਾ ਕੋਲ ਹੁਣ ਚਾਰ ਵਿਭਾਗਾਂ ਦੀ ਜ਼ਿੰਮੇਵਾਰੀ ਹੋਵੇਗੀ। ਦੂਜੇ ਪਾਸੇ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਤੋਂ ਫੂਡ ਪ੍ਰੋਸੈਸਿੰਗ ਵਿਭਾਗ ਵਾਪਸ ਲੈ ਲਿਆ ਗਿਆ ਹੈ। ਹੁਣ ਇਹ ਵਿਭਾਗ ਲਾਲਜੀਤ ਸਿੰਘ ਭੁੱਲਰ ਕੋਲ ਹੋਵੇਗਾ। ਜਦਕਿ ਚੇਤਨ ਸਿੰਘ ਚੌੜਾਮਾਜਰਾ ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪ੍ਰਸ਼ਾਸਨਿਕ ਸੁਧਾਰਾਂ ਦਾ ਵਿਭਾਗ ਮੰਤਰੀ ਮੀਤ ਹੇਅਰ ਤੋਂ ਵਾਪਸ ਲੈ ਕੇ ਅਮਨ ਅਰੋੜਾ ਨੂੰ ਸੌਂਪ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਕੋਲ ਹੁਣ ਆਮ ਪ੍ਰਸ਼ਾਸਨ, ਗ੍ਰਹਿ ਮੰਤਰਾਲਾ, ਵਿਜੀਲੈਂਸ, ਸਹਿਕਾਰਤਾ, ਉਦਯੋਗ ਅਤੇ ਵਣਜ, ਜੇਲ੍ਹਾਂ, ਕਾਨੂੰਨੀ ਮਾਮਲੇ, ਸ਼ਹਿਰੀ ਹਵਾਬਾਜ਼ੀ, ਸ਼ਹਿਰੀ ਵਿਕਾਸ ਵਿਭਾਗ ਆ ਗਿਆ ਹੈ। ਅਮਨ ਅਰੋੜਾ ਨੂੰ ਨਵਿਆਉਣ ਊਰਜਾ ਸਰੋਤ, ਪ੍ਰਿੰਟਿੰਗ ਅਤੇ ਸਟੇਸ਼ਨਰੀ, ਗਵਰਨੈਂਸ ਸੁਧਾਰ, ਰੁਜ਼ਗਾਰ ਜਨਰੇਸ਼ਨ ਵਿਭਾਗ ਮਿਲਿਆ ਹੈ। ਗੁਰਮੀਤ ਸਿੰਘ ਮੀਤ ਹੇਅਰ ਕੋਲ ਜਲ ਸਰੋਤ, ਖਾਣਾਂ, ਵਿਗਿਆਨ ਅਤੇ ਟੈਕਨਾਲੋਜੀ, ਵਾਤਾਵਰਣ, ਖੇਡਾਂ ਅਤੇ ਯੁਵਕ ਮਾਮਲੇ ਵਿਭਾਗ ਆਇਆ ਹੈ। ਲਾਲਜੀਤ ਭੁੱਲਰ ਕੋਲ ਟਰਾਂਸਪੋਰਟ, ਪਸ਼ੂ ਪਾਲਣ, ਫੂਡ ਪ੍ਰੋਸੈਸਿੰਗ ਵਿਭਾਗ ਹਨ। ਚੇਤਨ ਸਿੰਘ ਜੌੜਾਮਾਜਰਾ ਕੋਲ ਰੱਖਿਆ ਸੇਵਾ ਭਲਾਈ, ਸੁਤੰਤਰਤਾ ਸੈਨਾਨੀ, ਬਾਗਬਾਨੀ, ਸੂਚਨਾ ਅਤੇ ਲੋਕ ਸੰਪਰਕ ਵਿਭਾਗ ਆਏ ਹਨ ਜਦਕਿ ਅਨਮੋਲ ਗਗਨ ਮਾਨ ਕੋਲ ਸੈਰ-ਸਪਾਟਾ ਤੇ ਸੱਭਿਆਚਾਰ, ਨਿਵੇਸ਼ ਪ੍ਰਮੋਸ਼ਨ, ਕਿਰਤ ਤੇ ਪ੍ਰਾਹੁਣਚਾਰੀ ਵਿਭਾਗ ਹੋਣਗੇ।