ਮੁੱਖ ਮੰਤਰੀ ਨੇ ਆਈਏਐਸ ਅਫ਼ਸਰਾਂ ਨੂੰ ਦਿੱਤਾ ਭਰੋਸਾ, ਵਿਜੀਲੈਂਸ ਵਲੋਂ ਕੀਤੀ ਗਈ ਕਾਰਵਾਈ ਨੂੰ ਠੀਕ ਕਰਨ ਲਈ ਢੁੱਕਵੇਂ ਕਦਮ ਚੁੱਕਣਗੇ।

ਚੰਡੀਗੜ੍ਹ, 9 ਜਨਵਰੀ : ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੇ ਆਈਏਐਸ ਅਫ਼ਸਰਾਂ ਨੂੰ ਭਰੋਸਾ ਦਿੱਤਾ ਹੈ ਕਿ, ਉਹ ਸੀਨੀਅਰ ਆਈਏਐਸ ਸ਼੍ਰੀਮਤੀ ਨੀਲਿਮਾ ਦੇ ਖਿਲਾਫ਼ ਵਿਜੀਲੈਂਸ ਵਲੋਂ ਕੀਤੀ ਗਈ ਕਾਰਵਾਈ ਨੂੰ ਠੀਕ ਕਰਨ ਲਈ ਢੁੱਕਵੇਂ ਕਦਮ ਚੁੱਕਣਗੇ। ਇਹ ਭਰੋਸਾ ਮੁੱਖ ਮੰਤਰੀ ਨੇ ਆਈਏਐਸ ਅਫ਼ਸਰਾਂ ਦੇ ਇੱਕ ਵੱਡੇ ਵਫ਼ਦ ਨਾਲ ਮੀਟਿੰਗ ਦੌਰਾਨ ਦਿੱਤਾ, ਜਿਸ ਵਿੱਚ 70 ਦੇ ਕਰੀਬ ਆਈਏਐਸ ਅਫ਼ਸਰ ਮੌਜੂਦ ਸਨ, ਜਿਨ੍ਹਾਂ ਵਿੱਚ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਆਈਏਐਸ ਅਫ਼ਸਰ ਵੀ ਸ਼ਾਮਲ ਸਨ।  ਵਫ਼ਦ ਨੇ ਮੁੱਖ ਮੰਤਰੀ ਦੇ ਕੋਲ ਵਿਜੀਲੈਂਸ ਵਲੋਂ ਆਈ.ਏ.ਐਸ ਅਫ਼ਸਰ ਨੀਲਿਮਾ ਖ਼ਿਲਾਫ਼ ਦਰਜ ਕੀਤੇ ਕੇਸ ਸਬੰਧੀ ਇਹ ਮੁੱਦਾ ਉਠਾਇਆ ਕਿ, ਵਿਜੀਲੈਂਸ ਨੇ ਇਹ ਕਾਰਵਾਈ ਕਾਨੂੰਨ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਅਤੇ ਸੀਐਸਆਰ ਨਿਯਮਾਂ ਨੂੰ ਉਲੰਘ ਕੇ ਮਨਮਾਨੇ ਢੰਗ ਨਾਲ ਕੀਤੀ ਗਈ ਹੈ। ਉਨ੍ਹਾਂ ਇਹ ਕਿਹਾ ਕਿ, ਕਰੱਪਸ਼ਨ ਖਿਲਾਫ਼ ਮੁਹਿੰਮ ਦੌਰਾਨ ਉਹ ਸਰਕਾਰ ਦੇ ਨਾਲ ਹਨ ਅਤੇ ਕਿਸੇ ਵੀ ਭ੍ਰਿਸ਼ਟ ਅਫ਼ਸਰ ਦੀ ਉਹ ਹਮਾਇਤ ਨਹੀਂ ਕਰਦੇ, ਪਰ ਕਿਸੇ ਵੀ ਅਫ਼ਸਰ ਦੇ ਖਿਲਾਫ਼ ਕਾਰਵਾਈ ਕਰਨ ਤੋਂ ਪਹਿਲਾਂ ਪੂਰੀ ਕਾਨੂੰਨੀ ਤੇ ਪ੍ਰਸਾਸ਼ਕੀ ਪ੍ਰੀਕਿਰਿਆ ਪੂਰੀ ਕਰਨ ਤੋਂ ਬਿਨ੍ਹਾਂ ਉਹ ਕਿਸੇ ਵੀ ਕਾਰਵਾਈ ਦਾ ਵਿਰੋਧ ਕਰਨਗੇ। ਲਗਭਗ ਇੱਕ ਘੰਟਾ ਚੱਲੀ ਇਸ ਮੀਟਿੰਗ ਦੌਰਾਨ ਨੀਲਿਮਾ ਦੇ ਪਤੀ ਆਈਏਐਸ ਅਮਿਤ ਕੁਮਾਰ ਵੀ ਮੌਜੂਦ ਸਨ। ਇਸ ਮੀਟਿੰਗ ਦੋਰਾਨ ਇਕ ਆਈਏਐਸ ਅਫ਼ਸਰ ਨੇ ਸ਼ਮਸ਼ਾਨਘਾਟ ਵਿੱਚੋਂ ਐਨ ਐਸ ਪ੍ਰਵਾਨਾ ਦੇ ਪੁੱਤਰ ਐਸ ਪੀ ਸਿੰਘ ਦੀ ਗ੍ਰਿਫਤਾਰੀ ਦਾ ਮੁੱਦਾ ਵੀ ਉਠਾ ਕੇ ਇਸਨੂੰ ਮੰਦਭਾਗੀ ਤੇ ਅਣਮਨੁੱਖੀ ਕਰਾਰ ਦਿੰਦਿਆਂ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ। ਉਨ੍ਹਾਂ ਇਹ ਵੀ ਕਿਹਾ ਕਿ, ਬਿਨ੍ਹਾਂ ਕਿਸੇ ਅਦਾਲਤੀ ਫ਼ੈਸਲੇ ਤੋਂ ਵਿਜੀਲੈਂਸ ਵਲੋਂ ਇਨ੍ਹਾਂ ਅਫ਼ਸਰਾਂ ਦੇ 6-7 ਕਰੋੜ ਰੁਪਏ ਦੇ ਘਪਲੇ ਦਾ ਪ੍ਰੈਸ ਨੋਟ ਜਾਰੀ ਕਰਕੇ, ਮੀਡੀਆ ਟਰਾਇਲ ਕਰਨਾ ਵੀ ਕਿਸੇ ਤਰ੍ਹਾਂ ਵਾਜਵ ਨਹੀਂ ਹੈ। ਚੇਤੇ ਰਹੇ ਕਿ, ਪੰਜਾਬ ਭਰ ਦੇ ਆਈਏਐਸ ਅਫ਼ਸਰ ਐਲਾਨ ਕੀਤੇ ਬਿਨ੍ਹਾਂ ਹੀ ਅੱਜ ਆਪਣੇ ਕੰਮ ਬੰਦ ਕਰਕੇ ਚੰਡੀਗੜ੍ਹ ਪੁੱਜ ਗਏ ਸਨ ਅਤੇ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਬਹੁਤੇ ਦਫ਼ਤਰਾਂ ਦਾ ਕੰਮਕਾਰ ਠੱਪ ਹੋ ਗਿਆ ਹੈ, ਕਿਉਂਕਿ ਪੀਸੀਐਸ ਅਫ਼ਸਰ ਅਤੇ ਮਾਲ ਅਫ਼ਸਰ ਸਮੂਹਿਕ ਛੁੱਟੀ ਤੇ ਚਲੇ ਗਏ ਹਨ। ਦੱਸ ਦਈਏ ਕਿ, ਇਹ ਜਾਣਕਾਰੀ ਬਾਬੂਸ਼ਾਹੀ ਨੂੰ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਈ ਹੈ।