ਕੇਂਦਰ ਦਾ ਧਿਆਨ ਸਿਰਫ਼ ਦੋ-ਤਿੰਨ ਪਰਿਵਾਰਾਂ ’ਤੇ ਹੈ, ਵੱਡੇ ਘਰਾਣੇ ਦੇਸ਼ ਨੂੰ ਰੁਜ਼ਗਾਰ ਨਹੀਂ ਦੇ ਸਕਦੇ : ਰਾਹੁਲ ਗਾਂਧੀ

ਲੁਧਿਆਣਾ, 12 ਜਨਵਰੀ : ਕਾਂਗਰਸ ਦੀ ਭਾਰਤ ਜੋੜੋ ਯਾਤਰਾ 118ਵੇਂ ਦਿਨ ਦੋਰਾਹਾ ਤੋਂ ਸ਼ੁਰੂ ਹੋਈ, ਯਾਤਰਾ ਦੌਰਾਨ ਰਾਹੁਲ ਗਾਂਧੀ ਸਖ਼ਤ ਸੁਰੱਖਿਆ ਹੇਠ ਚੱਲ ਰਹੇ ਹਨ। ਯਾਤਰਾ ਦੇ ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ ਪਹੁੰਚ ਤੋਂ ਬਾਅਦ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਰਾਹੁਲ ਗਾਂਧੀ ਦਿੱਲੀ ਲਈ ਰਵਾਨਾ ਹੋ ਗਏ ਹਨ। ਕੱਲ੍ਹ ਲੋਹੜੀ ਕਾਰਨ ਯਾਤਰਾ ਨਹੀਂ ਹੋਵੇਗੀ। ਇਸ ਮੌਕੇ ਉਨ੍ਹਾਂ ਆਪਣੇ ਇੱਕ ਬਿਆਨ ਵਿੱਚ ਪੰਜਾਬ ਦੇ ਲੋਕਾਂ ਦਾ ਭਾਰਤ ਜੋੜੋ ਯਾਤਰਾ ਵਿੱਚ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਪੰਜਾਬ ਵਾਸੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਬਜ਼ਾਰ ਵਿੱਚ ਨਫ਼ਰਤ ਦੀ ਦੁਕਾਨ ਖੋਲ੍ਹ ਰਹੇ ਹਨ, ਜਦੋਂ ਕਿ ਭਾਜਪਾ ਨਫ਼ਰਤ ਫੈਲਾਅ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਵਿੱਚ ਪਿਆਰ-ਮੁਹੱਬਤ ਹੈ, ਜੇ ਕੋਈ ਡਿੱਗਦਾ ਹੈ ਤਾਂ ਲੋਕ ਉਸ ਨੂੰ ਉਠਾਉਂਦੇ ਨੇ ਅਤੇ ਦਵਾਈ ਵੀ ਦਿਵਾਉਂਦੇ ਹਨ। ਰਾਹੁਲ ਗਾਂਧੀ ਨੇ ਨੋਟਬੰਦੀ ਅਤੇ ਜੀਐਸਟੀ ’ਤੇ ਵਾਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦਾ ਵੱਡਾ ਨੁਕਸਾਨ ਕੀਤਾ ਹੈ, ਪਰ ਘਮੰਡੀ ਹੋਣ ਕਰਕੇ ਮੰਨਦੇ ਨਹੀਂ ਕਿ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਇੰਡਸਟ੍ਰੀ ਸਭ ਤੋਂ ਵੱਧ ਰੋਜ਼ਗਾਰ ਦੇ ਸਕਦੀ ਹੈ, ਪਰ ਭਾਜਪਾ ਨੇ ਛੋਟੇ ਉਦਯੋਗਾਂ ਲਈ ਕੁੱਝ ਕੀਤਾ ਹੀ ਨਹੀਂ ਕਿ ਉਨ੍ਹਾਂ ਨੂੰ ਕੋਈ ਫਾਇਦਾ ਮਿਲ ਸਕੇ। ਉਨ੍ਹਾਂ ਕਿਹਾ ਕਿ ਲੁਧਿਆਣਾ ਇੰਡਸਟਰੀ ਨਾਲ ਕੇਂਦਰ ਸਰਕਾਰ ਨੇ ਪੱਖਪਾਤ ਕੀਤਾ ਹੈ, ਜੇਕਰ ਸਰਕਾਰ ਇਸ ਨੂੰ ਅੱਗੇ ਵਧਾਏ ਤਾਂ ਚੰਗਾ ਰੋਜ਼ਗਾਰ ਮਿਲ ਸਕਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਦਾ ਧਿਆਨ ਸਿਰਫ਼ ਦੋ-ਤਿੰਨ ਪਰਿਵਾਰਾਂ ’ਤੇ ਹੈ। ਲਘੂ ਉਦਯੋਗ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਵੱਡੇ ਘਰਾਣੇ ਦੇਸ਼ ਨੂੰ ਰੁਜ਼ਗਾਰ ਨਹੀਂ ਦੇ ਸਕਦੇ, ਪਰ ਛੋਟੇ ਉਦਯੋਗ ਦੇ ਸਕਦੇ ਹਨ। ਜੇਕਰ ਲਘੂ ਉਦਯੋਗ ਨੂੰ ਮਦਦ ਮਿਲਦੀ ਹੈ ਤਾਂ ਅਸੀਂ ਚੀਨ ਨਾਲ ਮੁਕਾਬਲਾ ਕਰ ਸਕਦੇ ਹਾਂ। ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ 'ਚ ਡਰ, ਨਫਰਤ ਅਤੇ ਅਹਿੰਸਾ ਫੈਲਾ ਰਹੀ ਹੈ। ਇਕ ਧਰਮ ਨੂੰ ਦੂਜੇ ਧਰਮ ਨਾਲ, ਦੋਸਤ ਨੂੰ ਦੋਸਤ ਦਾਸ ਅਤੇ ਭਰਾ ਨੂੰ ਭਰਾ ਨਾਲ ਲੜਾ ਰਹੀ ਹੈ। ਯਾਤਰਾ ਦੌਰਾਨ ਰਾਹੁਲ ਗਾਂਧੀ ਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਐਮਪੀ ਡਾ. ਅਮਰ ਸਿੰਘ, ਐਮਪੀ ਗੁਰਜੀਤ ਸਿੰਘ ਔਜਲਾ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਸਣੇ ਕਈ ਸੀਨੀਅਰ ਆਗੂ ਵੀ ਨਜ਼ਰ ਆ ਰਹੇ ਹਨ।

 

  • ਨਾਮਧਾਰੀ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ ਯਾਤਰਾ ’ਚ

ਮਾਛੀਵਾੜਾ ਵਿਖੇ ਜਦੋਂ ਯਾਤਰਾ ਆਈ ਤਾਂ ਇਸ ਮੌਕੇ ਨਾਮਧਾਰੀ ਭਾਈਚਾਰੇ ਦੇ ਕਈ ਲੋਕ ਸ਼ਾਮਿਲ ਹੋਏ ਅਤੇ ਰਾਹੁਲ ਗਾਂਧੀ ਨਾਲ ਕਦਮ ਨਾਲ ਕਦਮ ਮਿਲਾ ਕੇ ਤੁਰਦੇ ਦਿਖਾਈ ਦਿੱਤੇ।

  •  
  • ਲੁਧਿਆਣਾ ’ਚ 15 ਜਗ੍ਹਾ ’ਤੇ ਕੀਤਾ ਯਾਤਰਾ ਦਾ ਸਵਾਗਤ :

ਸਥਾਨਕ ਸ਼ਹਿਰ ਵਿੱਚ ਭਾਰਤ ਜੋੜੋ ਯਾਤਰਾ ਦਾ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਭਰਵਾਂ ਸਵਾਗਤ ਕੀਤਾ ਗਿਆ। ਅੱਜ 12:30 ’ਤੇ ਸਮਰਾਲਾ ਚੌਂਕ ’ਚ ਭਾਰਤ ਜੋੜੋ ਯਾਤਰਾ ਦੇ ਪਹੁੰਚਣ ਤੋਂ ਬਾਅਦ ਰਾਹੁਲ ਗਾਂਧੀ ਦਿੱਲੀ ਰਵਾਨਾ ਹੋ ਗਏ ਹਨ ਅਤੇ ਸ਼ਨੀਵਾਰ ਨੂੰ ਸਵੇਰੇ ਮੁੜ ਆਪਣੀ ਭਾਰਤ ਜੋੜੋ ਯਾਤਰਾ ਲਾਡੋਵਾਲ ਟੋਲ ਪਲਾਜ਼ੇ ਤੋਂ ਸ਼ੁਰੂ ਕਰਨਗੇ। ਰੋਜ਼ਾਨਾ ਰਾਹੁਲ ਗਾਂਧੀ 25 ਕਿਲੋਮੀਟਰ ਪੈਦਲ ਯਾਤਰਾ ਕਰਦੇ ਹਨ।

  • ਲੁਧਿਆਣਾ ’ਚ ਦੰਗਾ ਪੀੜਤਾਂ ਨੂੰ ਕੀਤਾ ਗਿਆ ਨਜ਼ਰਬੰਦ :

ਯਾਤਾਰਾ ਸ਼ੁਰੂ ਹੋਣ ਤੋਂ ਪਹਿਲਾਂ 1984 ਦੇ ਦੰਗਾ ਪੀੜਤਾਂ ਨੂੰ ਲੁਧਿਆਣਾ ਵਿਖੇ ਨਜ਼ਰਬੰਦ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਦੰਗਾ ਪੀੜਤਾਂ ਨੂੰ ਬਸੀ ਕਲੋਨੀ ਸੀਆਰਪੀ ਦੁੱਗਰੀ ਵਿਖੇ ਨਜ਼ਰਬੰਦ ਕੀਤਾ ਗਿਆ ਸੀ। ਇਸੇ ਹੀ ਸਬੰਧੀ ਬੁੱਧਵਾਰ ਨੂੰ ਦੰਗਾਂ ਅਤੇ 1947 ਦੇ ਪੀੜਤਾਂ ਵੱਲੋਂ ਇੱਕ ਨੋਟ ਕਾਂਗਰਸ ਦੇ ਲੁਧਿਆਣਾ ਦਫਤਰ ਦੇ ਬਾਹਰ ਲਗਾ ਕੇ ਆਪਣਾ ਰੋਸ਼ ਜਤਾਇਆ ਗਿਆ ਸੀ। ਜਿਸ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਸੀ।