ਝੋਨੇ/ ਚੌਲ ਦੀ ਬੋਗਸ ਬਿਲਿੰਗ ਨੂੰ ਰੋਕਣ ਲਈ ਮੁਹਿੰਮ ਵਿੱਚ ਤੇਜੀ : ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ : ਰਾਜ ਸਰਕਾਰ ਵੱਲੋਂ ਖਰੀਫ ਸੀਜ਼ਨ 2022-23 ਦੌਰਾਨ ਸੂਬੇ ਵਿੱਚ ਬਾਹਰਲੇ ਰਾਜਾਂ ਤੋਂ ਸਸਤੇ ਭਾਅ ਤੇ ਖਰੀਦਿਆ ਝੋਨਾ/ਚੌਲ ਪੰਜਾਬ ਰਾਜ ਵਿੱਚ ਲਿਆ ਕੇ ਵੇਚਣ ਅਤੇ ਝੋਨੇ/ ਚੌਲ ਦੀ ਬੋਗਸ ਬਿਲਿੰਗ ਨੂੰ ਰੋਕਣ ਲਈ ਮੁਹਿੰਮ ਵਿੱਚ ਤੇਜੀ ਲਿਆਂਦੇ ਹੋਏ, ਅੱਜ 2 ਟਰੱਕ ਜਬਤ ਕਰਦੇ ਹੋਏ ਫੌਜਦਾਰੀ ਕਾਰਵਾਈ ਕੀਤੀ ਗਈ ਹੈ, ਤਾਂ ਜੋ ਝੋਨੇ/ ਚੌਲਾਂ ਦੀ ਰੀਸਾਇਕਲਿੰਗ ਨੂੰ ਰੋਕਿਆ ਜਾ ਸਕੇ। ਇਸ ਸਿਲਸਿਲੇ ਤਹਿਤ ਸੁਖਜੀਵਨ ਸਿੰਘ, ਸਕੱਤਰ ਮਾਰਕਿਟ ਕਮੇਟੀ ਸੰਗਤ ਦੁਆਰਾ ਮੈਸ: ਐਸ.ਕੇ ਬ੍ਰਦਰਜ਼ ਟਰੇਡਿੰਗ ਕੰਪਨੀ, ਅਕਰਬਪੁਰ ਉੱਤਰ ਪ੍ਰਦੇਸ਼, ਮੌਜੂਦਾ ਪਤਾ ਸੌਰਵ ਇੰਡਸਟਰੀਜ਼, ਦੁਕਾਨ ਨੰ 102, ਨਵੀਂ ਅਨਾਜ ਮੰਡੀ, ਹਾਂਸੀ, ਹਿਸਾਰ, ਹਰਿਆਣਾ ਵਲੋਂ ਬੀ.ਸੀ.ਐਲ ਇੰਡਸਟਰੀਜ਼ ਸੰਗਤ ਕਲਾਂ ਜਿਲਾ ਬਠਿੰਡਾ ਨੂੰ ਭੇਜੇ ਚੌਲਾਂ ਦੇ 2 ਟਰੱਕਾਂ, ਜਿੰਨਾਂ ਪਾਸ ਲੋੜੀਂਦੀ ਕਾਗਜਾਤ ਨਹੀਂ ਸਨ, ਨੂੰ ਅੰਤਰ-ਰਾਜੀ ਬੈਰੀਅਰ ਤੋਂ ਮੌਕੇ ਤੇ ਫੜਦਿਆਂ ਏ.ਐਸ.ਆਈ, ਸੰਗਤ ਦੇ ਹਵਾਲੇ ਕੀਤਾ ਗਿਆ ਅਤੇ ਉਸ ਵਿਰੁੱਧ ਆਈ ਪੀ ਸੀ ਦੀ ਧਾਰਾ 420, 120 ਬੀ ਥਾਣਾ ਸੰਗਤ ਜਿਲ੍ਹਾ ਬਠਿੰਡਾ ਵਿਖੇ ਐਫ ਆਈ ਆਰ ਨੰ. 0166 ਮਿਤੀ 01-11-2022 ਦਰਜ ਕਰਵਾਈ ਗਈ। ਇਹ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਵੇਗਾ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਯਕੀਨੀ ਬਣਾਉਣ ਦੇ ਨਾਲ ਉਨ੍ਹਾਂ ਪਾਸੋਂ ਬਰਾਮਦ ਚਾਵਲ ਜਬਤ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਨਰੇਸ਼ ਅਰੋੜਾ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਦੀ ਇਸ ਮੁਹਿੰਮ ਦੀ ਅਗਵਾਈ ਕਰਨ ਅਤੇ ਵਿਭਾਗ ਨਾਲ ਤਾਲਮੇਲ ਕਰਨ ਲਈ ਡਿਊਟੀ ਲਗਾਈ ਗਈ ਹੈ।  ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਪੂਰੀ ਚੌਕਸੀ ਨਾਲ ਝੋਨੇ ਦੀ ਬੋਗਸ ਬਿਲਿੰਗ/ ਚੋਲਾਂ ਦੀ ਰੀ-ਸਾਇਕਲਿੰਗ ਵਰਗੇ ਗੈਰ-ਕਾਨੂੰਨੀ ਕੰਮਾਂ ਦੀ ਰੋਕ-ਥਾਮ ਲਈ ਡਟਿਆ ਹੋਇਆ ਹੈ। ਵਿਭਾਗ ਵੱਲੋਂ ਅਣ-ਅਧਿਕਾਰਤ ਤੌਰ ਤੇ ਦੂਜੇ ਰਾਜਾਂ ਤੋਂ ਪੰਜਾਬ ਰਾਜ ਵਿੱਚ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਆਬਕਾਰੀ ਅਤੇ ਕਰ ਵਿਭਾਗ ਪੰਜਾਬ ਦੇ ਜਿਲ੍ਹਾ ਪੱਧਰ ਤੇ ਮੋਬਾਇਲ ਵਿੰਗ ਰਾਜ ਦੀਆਂ ਮੰਡੀਆਂ ਵਿੱਚ ਆ ਰਹੇ/ਜਾਣ ਵਾਲੇ ਝੋਨੇ ਦੀ ਨਿਗਰਾਨੀ ਰੱਖਣ ਲਈ ਐਕਟੀਵੇਟ ਕੀਤੇ ਗਏ ਹਨ ਅਤੇ ਕਮਿਸ਼ਨਰ ਕਰ, ਪੰਜਾਬ ਨੂੰ ਪ੍ਰਾਈਵੇਟ ਖਰੀਦ ਕਰ ਰਹੇ ਮਿਲਰਾਂ/ਪ੍ਰਾਈਵੇਟ ਵਪਾਰੀਆਂ ਦੀਆਂ ਜੀ.ਐੱਸ.ਟੀ ਰਿਟਰਨਾਂ ਉੱਤੇ ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ।