ਪੰਜਾਬ ‘ਚ ਭਲਕੇ ਨਹੀਂ ਚੱਲਣਗੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ

ਚੰਡੀਗੜ੍ਹ, 15 ਫਰਵਰੀ : ਪੰਜਾਬ ਰੋਡਵੇਜ਼/ਪਨਬਸ/ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਪੰਜਾਬ ਵੱਲੋਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਭਲਕੇ ਪੰਜਾਬ ਰੋਡਵੇਜ਼ ਦੀਆਂ ਸਾਰੀਆਂ ਬੱਸਾਂ ਬੰਦ ਰੱਖੀਆ ਜਾਣ। ਉਹਨਾਂ ਨੇ ਕਿਹਾ ਕਿ ਕੇਂਦਰ ਵਿਚ ਭਾਜਪਾ ਸਰਕਾਰ ਟ੍ਰੈਫਿਕ ਨਿਯਮਾਂ ਵਿਚ ਸੋਧ ਦੇ ਨਾਮ 'ਤੇ ਪੂਰੇ ਭਾਰਤ ਦੇ ਡਰਾਈਵਰਾਂ ਅਤੇ ਆਮ ਵਰਗ ਅਤੇ ਮਾਰੂ ਕਾਨੂੰਨ ਲਾਗੂ ਕਰਨ ਵੱਲ ਤੁਰੀ ਹੈ ਜਿਸ ਦਾ ਪੂਰੇ ਭਾਰਤ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ, ਇਸ ਐਕਟ ਵਿਚ ਜ਼ੋ ਸੈਕਸ਼ਨ 106(2) ਬੀ ਐਨ ਐਸ ਵਿੱਚ ਡਰਾਈਵਰਾਂ ਨੂੰ 10 ਦੀ ਸਜ਼ਾ ਅਤੇ 7 ਲੱਖ ਜੁਰਮਾਨੇ ਦੀ ਸੋਧ ਕੀਤੀ ਹੈ। ਉਹ ਡਰਾਈਵਰਾਂ ਨਾਲ ਬਿਲਕੁੱਲ ਧੱਕੇਸ਼ਾਹੀ ਹੈ ਅਤੇ ਧਾਰਾ 104(2) ਵਿਚ ਸੋਧ ਜੋ ਕਿ ਕਿਸੇ ਦੋਸ਼ੀ ਨੂੰ ਗਵਾਹ ਬਣਾਉ ਦੀ ਗੱਲ ਕਹਿੰਦੀ ਹੈ, ਉਹ ਭਾਰਤੀ ਸੰਵਿਧਾਨ ਦੀ ਧਾਰਾ 20(3)ਦੇ ਖਿਲਾਫ਼ ਹੋ ਸਕਦੀ ਹੈ। ਇਸ ਲਈ ਸਾਰੇ ਵਰਗਾਂ ਦੇ ਡਰਾਈਵਰਾਂ ਵਲੋਂ ਇਸ ਐਕਟ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਹ ਸੋਧ ਵਾਲਾ ਐਕਟ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਭਾਰਤ ਦੀ ਮੋਦੀ ਸਰਕਾਰ ਵਲੋਂ ਵਾਰ-ਵਾਰ ਲੋਕ ਮਾਰੂ ਨੀਤੀਆਂ ਲਾਗੂ ਕਰ ਕੇ ਕਾਰਪੋਰੇਟ ਘਰਾਣਿਆਂ ਹੱਥੀਂ ਲੁੱਟ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਕੇਂਦਰ ਸਰਕਾਰ ਮਾਰੂ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ ਤਾਂ 16 ਫਰਵਰੀ ਨੂੰ ਕੇਂਦਰ ਸਰਕਾਰ ਦੇ ਖਿਲਾਫ਼ ਪੂਰਾ ਭਾਰਤ ਬੰਦ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।  ਜਿਸ ਵਿਚ ਸਮੂਹ ਸਾਥੀ ਸ਼ਮੂਲੀਅਤ ਕਰਨਗੇ। 16 ਫਰਵਰੀ ਨੂੰ ਕੋਈ ਵੀ ਵਰਕਰ ਬੱਸ ਨਾ ਚਲਾਵੇ ਉਸ ਤੋਂ ਇਲਾਵਾ ਜੋ ਸਾਥੀ 15 ਫਰਵਰੀ ਯਾਨੀ ਅੱਜ ਰਾਤ ਨੂੰ  ਬੱਸਾਂ ਲੈ ਕੇ ਜਾਣਗੇ ਉਹ ਜਿਥੇ ਵੀ ਬੱਸਾਂ ਰਾਤ ਨੂੰ ਰੁਕਣਗੇ ਬੱਸਾਂ ਉੱਥੇ ਹੀ ਖੜੀਆਂ ਕਰ ਦੇਣ ਅਤੇ ਆਪਣੀ ਜ਼ਿੰਮੇਵਾਰੀ ਅਤੇ ਵਧੀਆ ਥਾਂ 'ਤੇ ਗੱਡੀ ਖੜੀ ਕਰ ਦੇਣ ਅਤੇ ਜਿਸ ਨੂੰ ਲੱਗਦਾ ਹੈ ਕਿ ਮੇਰੀ ਗੱਡੀ ਰਾਤ ਨੂੰ ਸੁਰੱਖਿਅਤ ਨਹੀਂ ਹੈ ਜਾਂ ਅਣਹੋਣੀ ਹੋ ਸਕਦੀ ਹੈ ਤਾਂ ਗੱਡੀ ਡੀਪੂ ਵਿਚ ਹੀ ਜਮਾਂ ਕਰਵਾ ਦੇਣ ਅਤੇ 16 ਫਰਵਰੀ ਨੂੰ ਕੋਈ ਵੀ ਬੱਸ ਚਲਾਉਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਉਸ ਦਿਨ ਆਪਣੀ ਮੁਕੰਮਲ ਹੜਤਾਲ ਹੈ, ਜੇਕਰ ਕੋਈ ਬੱਸ ਚਲਾਉਂਦੇ ਕੋਈ ਘਟਨਾ ਵਾਪਰਦੀ ਹੈ, ਉਸ ਦੀ ਜ਼ਿਮੇਵਾਰੀ ਖ਼ੁਦ ਦੀ ਹੋਵੇਗੀ ਕੋਈ ਵੀ ਸਾਥੀ ਜੱਥੇਬੰਦੀ ਨੂੰ ਦੋਸ਼ ਨਾ ਦੇਵੇ, ਸਾਰੇ ਸਾਥੀ 16 ਫਰਵਰੀ ਦੇ ਸੰਘਰਸ਼ ਵਿਚ ਸ਼ਮੂਲਤ ਕਰਨ।