ਬੀਐਸਐਫ ਨੇ ਫਿਰੋਜ਼ਪੁਰ ਸਰਹੱਦ ਨੇੜਿਓ ਖੇਤਾਂ ’ਚੋ 8 ਕਰੋੜ ਦੀ ਹੈਰੋਇਨ ਖੇਪ ਕੀਤੀ ਬਰਾਮਦ

ਫ਼ਿਰੋਜ਼ਪੁਰ, 06 ਜਨਵਰੀ : ਫ਼ਿਰੋਜ਼ਪੁਰ ਵਿੱਚ ਸੀਮਾ ਸੁਰੱਖਿਆ ਬਲ ਨੇ ਸਰਹੱਦ ਨੇੜੇ ਖੇਤਾਂ ਵਿੱਚੋਂ 8 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਪਾਕਿਸਤਾਨੀ ਸਮੱਗਲਰਾਂ ਨੇ ਧੁੰਦ ਦਾ ਫਾਇਦਾ ਚੁੱਕਦਿਆਂ ਇਸ ਨੂੰ ਕੰਡਿਆਲੀ ਤਾਰ ਦੇ ਪਾਰ ਖੇਤਾਂ ਵਿੱਚ ਲੁਕਾ ਦਿੱਤਾ ਸੀ, ਪਰ ਪਾਕਿਸਤਾਨੀ ਸਮੱਗਲਰਾਂ ਦੀ ਇਸ ਕੋਸ਼ਿਸ਼ ਨੂੰ ਬੀਐਸਐਫ ਜਵਾਨਾਂ ਵੱਲੋਂ ਨਾਕਾਮ ਕਰ ਦਿੱਤਾ ਗਿਆ। ਪਾਕਿਸਤਾਨੀ ਸਮੱਗਲਰਾਂ ਵੱਲੋਂ ਇਹ ਖੇਪ ਫ਼ਿਰੋਜ਼ਪੁਰ ਅਧੀਨ ਪੈਂਦੇ ਪਿੰਡ ਪੀਰ ਇਸਮਾਈਲ ਖਾਂ ਵਿੱਚ ਤਾਰਾਂ ਦੇ ਪਾਰ ਆਲੂਆਂ ਦੇ ਖੇਤਾਂ ਵਿੱਚ ਲੁਕੋ ਕੇ ਰੱਖੀ ਗਈ ਸੀ। ਵੀਰਵਾਰ ਦੁਪਹਿਰ ਨੂੰ ਜਦੋਂ BSF ਦੇ ਜਵਾਨ ਗਸ਼ਤ ‘ਤੇ ਸਨ ਤਾਂ ਉਨ੍ਹਾਂ ਨੇ ਕੰਡਿਆਲੀ ਤਾਰ ਨੇੜੇ ਪੈਰਾਂ ਦੇ ਨਿਸ਼ਾਨ ਦੇਖੇ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ । ਜੇਕਰ ਇੱਥੇ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਬੀਐਸਐਫ ਦੇ ਜਵਾਨਾਂ ਨੇ ਪੰਜਾਬ ਸਰਹੱਦ ਤੋਂ ਹੈਰੋਇਨ ਦੀ ਤਸਕਰੀ ਨੂੰ ਰੋਕਦੇ ਹੋਏ 316.988 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਸੀ। ਪਾਕਿਸਤਾਨੀ ਸਮੱਗਲਰਾਂ ਨੇ ਡਰੋਨ, ਪਾਈਪਾਂ, ਤਾਰਾਂ ਪਾਰ ਕਰ ਕੇ ਜਾਣ ਵਾਲੇ ਕਿਸਾਨਾਂ ਆਦਿ ਦੀ ਮਦਦ ਨਾਲ ਭਾਰਤੀ ਸਰਹੱਦ ਵੱਲ ਭੇਜਣ ਦੀ ਕੋਸ਼ਿਸ਼ ਕੀਤੀ ਪਰ ਬੀਐਸਐਫ ਦੇ ਚੌਕਸ ਜਵਾਨਾਂ ਨੇ ਇਸ ਨੂੰ ਰੋਕਣ ਵਿੱਚ ਸਫਲਤਾ ਹਾਸਿਲ ਕੀਤੀ।