ਤਰਨਤਾਰਨ ਵਿਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ

ਤਰਨਤਾਰਨ, 8 ਨਵੰਬਰ : ਜ਼ਿਲ੍ਹੇ ਦੇ ਪਿੰਡ ਤੁੰਗ ਵਿਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਔਰਤਾਂ ਤੇ ਇਕ ਪੁਰਸ਼ ਦਾ ਕਤਲ ਕੀਤਾ ਗਿਆ ਹੈ। ਮਰਨ ਵਾਲਿਆਂ ਵਿਚ ਇਕਬਾਲ ਸਿੰਘ, ਉਸ ਦੀ ਪਤਨੀ ਲਖਵਿੰਦਰ ਕੌਰ ਅਤੇ ਸੀਤਾ ਕੌਰ ਸ਼ਾਮਲ ਹਨ। ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਘਰ ਦੀ ਹਾਲਤ ਨੂੰ ਦੇਖਦੇ ਹੋਏ ਇਸ ਨੂੰ ਲੁੱਟ ਦੀ ਵਾਰਦਾਤ ਨਾਲ ਜੋੜਿਆ ਜਾ ਰਿਹਾ ਹੈ। ਛੱਤੀਸਗੜ੍ਹ ਦਾ ਰਹਿਣ ਵਾਲਾ ਅਸ਼ੋਕ ਪਰਿਵਾਰ ਨਾਲ ਕੰਮ ਕਰਦਾ ਸੀ। ਕਤਲ ਦੀ ਘਟਨਾ ਤੋਂ ਬਾਅਦ ਨੌਕਰ ਲਾਪਤਾ ਹੈ। ਪੁਲਿਸ ਅਨੁਸਾਰ ਇੱਕੋ ਪਰਿਵਾਰ ਦੇ ਤਿੰਨੋਂ ਮੈਂਬਰਾਂ ਦੇ ਤੇਜ਼ਧਾਰ ਹਥਿਆਰਾਂ ਨਾਲ ਵੱਢੇ ਹੋਏ ਸਨ। ਦੋਵੇਂ ਔਰਤਾਂ ਲਖਵਿੰਦਰ ਕੌਰ ਅਤੇ ਸੀਤਾ ਕੌਰ ਇਕ ਕਮਰੇ ਵਿਚ ਜਦੋਂਕਿ ਇਕਬਾਲ ਸਿੰਘ ਦੀ ਲਾਸ਼ ਵੱਖਰੇ ਕਮਰੇ ਵਿਚ ਮਿਲੀ ਤਿੰਨਾਂ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਮੂੰਹ ਸਮੇਤ ਪੂਰੇ ਚਿਹਰੇ 'ਤੇ ਟੇਪ ਚਿਪਕਾਈ ਗਈ ਸੀ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਬੁੱਧਵਾਰ ਸਵੇਰੇ ਕੋਈ ਘਰੋਂ ਬਾਹਰ ਨਹੀਂ ਨਿਕਲਿਆ। ਜਦੋਂ ਗੁਆਂਢੀਆਂ ਨੇ ਫੋਨ ਕੀਤਾ ਤਾਂ ਕੋਈ ਜਵਾਬ ਨਹੀਂ ਆਇਆ। ਇਸ ਤੋਂ ਬਾਅਦ ਲੋਕਾਂ ਨੂੰ ਸ਼ੱਕ ਹੋ ਗਿਆ। ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਖੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਸਨ। ਜਿਨ੍ਹਾਂ ਦੇ ਹੱਥ-ਪੈਰ ਵੀ ਬੰਨ੍ਹੇ ਹੋਏ ਸਨ। ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਮੁਤਾਬਕ ਕਤਲ ਦੀ ਲੁੱਟ ਸਮੇਤ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਜਾਂਚ ਦੌਰਾਨ ਘਰ ਅੰਦਰ ਸਮਾਨ ਖਿੱਲਰਿਆ ਹੋਇਆ ਪਾਇਆ ਗਿਆ। ਕਮਰੇ ਦੀਆਂ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ। ਸ਼ੱਕ ਹੈ ਕਿ ਇਹ ਕਤਲ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਹੈ। ਹਾਲਾਂਕਿ ਘਰ 'ਚੋਂ ਕੀ ਗਾਇਬ ਹੈ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਅਨੁਸਾਰ ਘਰੋਂ ਲਾਪਤਾ ਨੌਕਰ ਅਸ਼ੋਕ ਕਰੀਬ 20 ਸਾਲਾਂ ਤੋਂ ਉਨ੍ਹਾਂ ਦੇ ਘਰ ਕੰਮ ਕਰ ਰਿਹਾ ਸੀ। ਪਰਿਵਾਰ ਨੇ ਉਸ 'ਤੇ ਪੂਰਾ ਭਰੋਸਾ ਕੀਤਾ। ਹਾਲਾਂਕਿ ਇਸ ਕਤਲ ਵਿੱਚ ਉਸ ਦੀ ਕੀ ਭੂਮਿਕਾ ਹੈ, ਫਿਲਹਾਲ ਪੁਲਿਸ ਜਾਂਚ ਦੀ ਗੱਲ ਕਰ ਰਹੀ ਹੈ। ਪੁਲਿਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਕਬਾਲ ਸਿੰਘ ਦਾ ਲੜਕਾ ਵਿਦੇਸ਼ ਵਿਚ ਰਹਿੰਦਾ ਹੈ। ਉਸ ਦੀਆਂ ਧੀਆਂ ਵਿਆਹੀਆਂ ਹੋਈਆਂ ਹਨ। ਘਰ ਵਿੱਚ ਤਿੰਨੋਂ ਬਜ਼ੁਰਗ ਰਹਿੰਦੇ ਸਨ।