ਪੰਜਾਬ ’ਚ ਕੇਂਦਰ ਸਰਕਾਰ ਨੂੰ ਵੱਡਾ ਝਟਕਾ, ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਚਲਾਉਣ ਤੋਂ ਸਿਹਤ ਵਿਭਾਗ ਨੇ ਕੀਤਾ ਸਾਫ਼ ਇਨਕਾਰ 

ਚੰਡੀਗੜ੍ਹ, 10 ਜਨਵਰੀ : ਪੰਜਾਬ ਦੇ ਕਿਸੇ ਵੀ ਸ਼ਹਿਰ ਜਾਂ ਫਿਰ ਪਿੰਡ ਵਿੱਚ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦਿਖਾਈ ਨਹੀਂ ਦੇਵੇਗੀ ਕਿੳਕਿ ਕੇਂਦਰ ਸਰਕਾਰ ਦੀ ਅਹਿਮ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਤੋਂ ਪੰਜਾਬ ਵਿੱਚ ਸੂਬਾ ਸਰਕਾਰ ਵੱਲੋਂ ਸਮਰਥਨ ਵਾਪਸ ਲੈ ਲਿਆ ਗਿਆ ਹੈ। ਜਿਸ ਨਾਲ ਕੇਂਦਰ ਸਰਕਾਰ ਨੂੰ ਵੱਡਾ ਝਟਕਾ ਲੱਗ ਸਕਦਾ ਹੈ, ਕਿਉਂਕਿ ਪਿਛਲੇ ਡੇਢ ਮਹੀਨੇ ਤੋਂ ਪੰਜਾਬ ਵਿੱਚ ਕੇਂਦਰ ਸਰਕਾਰ ਦੀ ਸਕੀਮਾਂ ਦਾ ਪ੍ਰਚਾਰ ਕਰਨ ਦੇ ਨਾਲ ਹੀ ਸਿਹਤ ਸੇਵਾਵਾਂ ਨੂੰ ਦੇਣ ਵਾਲੀ ਇਹ ਅਹਿਮ ਵੈਨ ਨੂੰ ਹੁਣ ਤੋਂ ਬਾਅਦ ਪੰਜਾਬ ਵਿੱਚ ਚਲਾਉਣ ਤੋਂ ਸਿਹਤ ਵਿਭਾਗ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬਕਾਇਦਾ ਪੱਤਰ ਵੀ ਜਾਰੀ ਕੀਤਾ ਗਿਆ ਹੈ। ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਡਾਇਰੈਕਟਰ ਅਭਿਨਵ ਤ੍ਰਿਖਾ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਪਿਛਲੇ ਸਾਲ 19 ਨਵੰਬਰ ਨੂੰ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਸਬੰਧੀ ਜਾਰੀ ਪੱਤਰ ਨੂੰ ਵਾਪਸ ਲੈ ਲਿਆ ਗਿਆ ਹੈ, ਇਸ ਸਬੰਧੀ ਇਸ ਤੋਂ ਜ਼ਿਆਦਾ ਜਾਣਕਾਰੀ ਉਹ ਨਹੀਂ ਦੇ ਸਕਦੇ । ਇੱਥੇ ਇਹ ਦੱਸਣਾ ਜਰੂਰੀ ਹੈ ਕਿ ਜਿਹੜੇ 19 ਨਵੰਬਰ ਦੇ ਪੱਤਰ ਨੂੰ ਵਾਪਸ ਲਿਆ ਗਿਆ ਹੈ, ਉਸ ਰਾਹੀ ਹੀ ਪੰਜਾਬ ਦੇ ਸਾਰੇ ਸਿਵਲ ਸਰਜਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਸਬੰਧੀ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਪੱਤਰ ਦੇ ਵਾਪਸੀ ਹੋਣ ਦੇ ਨਾਲ ਹੀ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਸਬੰਧੀ ਲੱਗੀਆਂ ਡਿਊਟੀਆਂ ਵੀ ਆਪਣੇ ਆਪ ਵਾਪਸ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਕੀਤੀ ਜਾ ਰਹੀ ਹੈ। ਇਸ ਸਬੰਧੀ ਇੱਕ ਵੈਨ ਤਿਆਰ ਕੀਤੀ ਗਈ ਹੈ, ਜਿਸ ਵਿੱਚ ਐੱਲਈਡੀ ਲਗਾ ਕੇ ਕੇਂਦਰ ਸਰਕਾਰ ਦੀ ਜਿਥੇ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਕੇਂਦਰ ਦੀ ਭਾਜਪਾ ਸਰਕਾਰ ਦਾ ਪ੍ਰਚਾਰ ਵੀ ਹੋ ਰਿਹਾ ਸੀ। ਇਸ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੀ ਵੈਨ ਨੂੰ ਨੈਸ਼ਨਲ ਹੈਲਥ ਮਿਸ਼ਨ ਰਾਹੀਂ ਚਲਾਇਆ ਜਾ ਰਿਹਾ ਸੀ ਅਤੇ ਇਸ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਵੈਨ ਨਾਲ ਪੰਜਾਬ ਦੇ ਸਿਹਤ ਕਰਮਚਾਰੀ ਪਿੰਡ-ਪਿੰਡ ਅਤੇ ਸ਼ਹਿਰਾਂ ਵਿੱਚ ਘੁੰਮਦੇ ਹੋਏ ਕੁਝ ਟੈਸਟ ਕਰਨ ਦੇ ਨਾਲ ਹੀ ਮੁਫ਼ਤ ਸਿਹਤ ਬੀਮਾ ਕਾਰਡ ਵੀ ਬਣਾ ਰਹੇ ਸਨ। ਪਿੰਡਾਂ ਵਿੱਚ ਸਿਹਤ ਬੀਮਾ ਕਾਰਡ ਬਣਾਉਣ ਦੇ ਨਾਲ ਹੀ ਸਿਹਤ ਚੈਕਅੱਪ ਕੈਂਪ ਦੇ ਨਾਲ ਨਾਲ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦਾ ਪ੍ਰਚਾਰ ਵੀ ਹੋ ਰਿਹਾ ਸੀ। ਪੰਜਾਬ ਦੇ ਸਿਹਤ ਕਰਮਚਾਰੀਆਂ ਦੀ ਡਿਊਟੀ ਨੈਸ਼ਨਲ ਹੈਲਥ ਮਿਸ਼ਨ ਤਹਿਤ ਸੂਬਾ ਡਾਇਰੈਕਟਰ ਵਲੋਂ 19 ਨਵੰਬਰ ਨੂੰ ਪੱਤਰ ਜਾਰੀ ਕਰਦੇ ਹੋਏ ਲਗਾਈਆਂ ਗਈਆਂ ਸਨ। ਹੁਣ ਪੰਜਾਬ ਵਿੱਚ ਚੱਲ ਰਹੀ ਇਹ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਪੰਜਾਬ ਦੇ ਸਿਹਤ ਵਿਭਾਗ ਨੂੰ ਪਸੰਦ ਨਹੀਂ ਆ ਰਹੀ ਸੀ, ਜਿਸ ਕਾਰਨ ਹੀ ਮੰਗਲਵਾਰ ਨੂੰ ਬਿਨਾਂ ਕਿਸੇ ਕਾਰਨ ਦੱਸੇ 19 ਨਵੰਬਰ ਵਾਲੇ ਪੱਤਰ ਨੂੰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਡਾਇਰੈਕਟਰ ਵੱਲੋਂ ਵਾਪਸ ਲੈ ਲਿਆ ਗਿਆ ਹੈ। ਇਸ ਪੱਤਰ ਦੇ ਜਾਰੀ ਹੋਣ ਤੋਂ ਬਾਅਦ ਪੰਜਾਬ ਭਰ ਵਿੱਚ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੇ ਬੈਨ ਲੱਗਣ ਦੀ ਸੰਭਾਵਨਾ ਪੈਦਾ ਹੋ ਗਈ ਹੈ, ਕਿਉਂਕਿ ਹੁਣ ਤੋਂ ਬਾਅਦ ਕੋਈ ਵੀ ਸਿਹਤ ਕਰਮਚਾਰੀ ਇਸ ਵਿੱਚ ਡਿਊਟੀ ਨਹੀਂ ਦੇਵੇਗਾ। ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਅਨਿਭਵ ਤ੍ਰਿਖਾ ਨੇ ਪੁਸ਼ਟੀ ਕੀਤੀ ਕਿ ਜਿਹੜਾ ਪੱਤਰ 19 ਨਵੰਬਰ 2023 ਨੂੰ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਸਬੰਧੀ ਜਾਰੀ ਕੀਤਾ ਗਿਆ ਸੀ, ਉਸ ਪੱਤਰ ਨੂੰ ਵਾਪਸ ਲੈਣ ਸਬੰਧੀ ਤਾਜ਼ਾ ਆਦੇਸ਼ ਜਾਰੀ ਕੀਤੇ ਗਏ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਕੀ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ’ਤੇ ਪਾਬੰਦੀ ਲਾਈ ਗਈ ਹੈ ? ਉਨ੍ਹਾਂ ਕਿਹਾ ਕਿ ਅਸੀਂ ਪਿਛਲਾ ਪੱਤਰ ਵਾਪਸ ਲਿਆ ਹੈ, ਇਸ ਸਬੰਧੀ ਤੁਸੀਂ ਕੁਝ ਵੀ ਮਤਲਬ ਕੱਢ ਸਕਦੇ ਹੋ ਪਰ ਉਹ ਇਸ ਤੋਂ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ ਹਨ।

ਆਪ ਸਰਕਾਰ ਦੀ ਟਕਰਾਅ ਪੈਦਾ ਕਰਨ ਦੀ ਸੋਚ ਪੰਜਾਬ ਦੇ ਲੰਮੇ ਸਮੇਂ ਦੇ ਹਿੱਤਾਂ ਲਈ ਨੁਕਸਾਨਦੇਹ ਹੈ : ਜਾਖੜ 
ਕੇਂਦਰ ਦੀ ਵਿਕਸਿਤ ਭਾਰਤ ਸੰਕਲਪ ਯਾਤਰਾ ਤੋਂ ਸਮਰਥਨ ਵਾਪਸ ਲੈਣ ਲਈ ਸੂਬਾ ਸਰਕਾਰ ਦੇ ਸਿਆਸੀ ਤੌਰ ਤੇ ਬੇਤੁਕੇ ਫੈਸਲੇ ਦੀ ਨਿੰਦਾ ਕਰਦਿਆਂ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਆਪ ਸਰਕਾਰ ਦੀ ਟਕਰਾਅ ਪੈਦਾ ਕਰਨ ਦੀ ਸੋਚ ਪੰਜਾਬ ਦੇ ਲੰਮੇ ਸਮੇਂ ਦੇ ਹਿੱਤਾਂ ਲਈ ਨੁਕਸਾਨਦੇਹ ਹੈ। ਜਾਖੜ ਨੇ ਕਿਹਾ ਕਿ ਮੁੱਖ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਆਪ ਦੇ ਇਸ ਰਵੱਈਏ ਕਾਰਨ ਪੰਜਾਬ ਦੇ ਲੋਕ ਸਭ ਤੋਂ ਵੱਧ ਪੀੜਤ ਹਨ ਜਦ ਕਿ ਇਹ ਯਾਤਰਾ ਪਿੰਡਾਂ ਦੇ ਲੋਕਾਂ ਨੂੰ ਕਈ ਬਿਮਾਰੀਆਂ ਦੀ ਜਾਂਚ ਕਰਕੇ ਸਿਹਤ ਲਾਭ ਪਹੁੰਚਾ ਰਹੀ ਹੈ। ਜਾਖੜ ਨੇ ਅਖੌਤੀ ਸਿਹਤ ਕ੍ਰਾਂਤੀ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਇਸਦਾ ਸਵਾਗਤ ਕਰਨਾ ਚਾਹੀਦਾ ਸੀ ਕਿਉਂਕਿ ਰਾਜ ਦਾ ਪ੍ਰਬੰਧ ਆਪਣੇ ਤੌਰ ਤੇ ਨਾਗਰਿਕਾਂ ਨੂੰ ਹੈਲਥ ਸੁਵਿਧਾਵਾਂ ਯਕੀਨੀ ਬਣਾਉਣ ਵਿੱਚ ਬੁਰੀ ਤਰਾਂ ਅਸਫਲ ਰਿਹਾ ਹੈ, ਜਿਸ ਨੂੰ ਕੇਜਰੀਵਾਲ ਪਟਿਆਲਾ ਵਿੱਚ 10 ਬਿਸਤਰਿਆਂ ਵਾਲੇ ਹਸਪਤਾਲ ਦਾ ਉਦਘਾਟਨ ਕਰਕੇ ਸ਼ੁਰੂ ਕਰਨਾ ਚਾਹੁੰਦੇ ਸਨ। ਦਿੱਲੀ ਦੇ ਆਕਾਵਾਂ ਦੇ ਦਬਾਅ ਹੇਠ ਲਏ ਇਸ ਫੈਸਲੇ ਨੂੰ ਊਨ੍ਹਾਂ ਨੇ ਕਾਹਲੀ ਵਿਚ ਲਿਆ ਗਿਆ ਫੈਸਲਾ ਕਰਾਰ ਦਿੰਦਿਆਂ ਇਸ ਤੇੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਇਸ ਤਰਕਹੀਣ ਕਦਮ ਦੇ ਕਾਰਨਾਂ ਬਾਰੇ ਸਫਾਈ ਦੇਣ।