ਭਾਈ ਰਾਜੋਆਣਾ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ, ਕਿਹਾ : ਮੈਂ ਅਦਾਲਤਾਂ ਦੀ ਝੂਠੀ ਕਾਰਵਾਈ ਦਾ ਹਿੱਸਾ ਨਹੀਂ ਬਣਿਆ, ਤੁਸੀਂ ਕਹਿੰਦੇ ਹੋ ਕਿ ਸੰਵਿਧਾਨ ਨੂੰ ਨਹੀਂ ਮੰਨਦਾ

ਪਟਿਆਲਾ, 02 ਜਨਵਰੀ : ਪਟਿਆਲਾ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਸੰਸਦ ਵਿੱਚ ਦਿੱਤੇ ਉਨ੍ਹਾਂ ਦੇ ਬਿਆਨ 'ਤੇ ਠੋਕਵਾਂ ਜਵਾਬ ਦਿੱਤਾ ਹੈ। ਕੇਂਦਰੀ ਮੰਤਰੀ ਸ਼ਾਹ ਨੂੰ ਭਾਈ ਰਾਜੋਆਣਾ ਨੇ ਇੱਕ ਚਿੱਠੀ ਰਾਹੀਂ ਜਵਾਬ ਦਿੰਦਿਆਂ ਕਿਹਾ ਕਿ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਉੱਤੇ ਉਹ ਕਾਨੂੰਨ ਲਾਗੂ ਕਰਨ ਦਾ ਯਤਨ ਕਰ ਰਹੇ ਹੋ ਜਿਹੜੇ ਅਜੇ ਦੇਸ਼ ਵਿੱਚ ਲਾਗੂ ਹੀ ਨਹੀਂ ਹੋਏ। ਚਿੱਠੀ ਵਿੱਚ ਭਾਈ ਰਾਜੋਆਣਾ ਨੇ ਕਿਹਾ, ''ਅਮਿਤ ਸ਼ਾਹ ਜੀ, ਜਿੱਥੋਂ ਤੱਕ ਦੇਸ਼ ਦੇ ਸੰਵਿਧਾਨ ਨੂੰ ਮੰਨਣ ਦੀ ਜਾਂ ਨਾ ਮੰਨਣ ਦੀ ਗੱਲ ਹੈ। ਮੈਂ ਅਦਾਲਤ ਵਿੱਚ ਸੱਚ ਬੋਲਿਆ, ਮੈਂ ਜੋ ਵੀ ਕੀਤਾ, ਉਸਨੂੰ ਅਦਾਲਤ ਵਿੱਚ ਸਵੀਕਾਰ ਕਰ ਲਿਆ। ਮੈਂ ਅਦਾਲਤਾਂ ਨੂੰ ਇਹ ਵੀ ਦੱਸਿਆ ਕਿ ਮੈਂ ਇਹ ਸੱਭ ਕਿਉਂ ਕੀਤਾ ਹੈ। ਮੈਂ ਅਦਾਲਤਾਂ ਦੀ ਝੂਠੀ ਕਾਰਵਾਈ ਦਾ ਹਿੱਸਾ ਨਹੀਂ ਬਣਿਆ। ਤੁਸੀਂ ਕਹਿੰਦੇ ਹੋ ਕਿ ਸੰਵਿਧਾਨ ਨੂੰ ਨਹੀਂ ਮੰਨਦਾ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਦਿੱਲੀ ਦੀਆਂ ਗਲੀਆਂ ਵਿੱਚ ਕਤਲੇਆਮ ਕਰਨ ਵਾਲੇ, ਗੁਜਰਾਤ ਦੰਗਿਆਂ ਦੇ ਦੋਸ਼ੀ, ਬੀਬੀ ਬਿਲਕਿਸ ਬਾਨੋ ਦੇ ਗੁਨਾਹਗਾਰ ਅਤੇ ਹੋਰ ਵੀ ਘਿਨੌਣੇ ਤੋਂ ਘਿਨੌਣੇ ਅਪਰਾਧ ਕਰਨ ਵਾਲੇ ਸਾਰੇ ਗੁਨਾਹਗਾਰ ਅਤੇ ਅਪਰਾਧੀ, ਕੀ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹਨ? ਕੀ ਸੰਵਿਧਾਨ ਉਨ੍ਹਾਂ ਨੂੰ ਇਹ ਸਾਰੇ ਘਿਨੌਣੇ ਅਪਰਾਧ ਕਰਨ ਦੀ ਇਜਾਜ਼ਤ ਦਿੰਦਾ ਹੈ?'' ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿੱਚ ਕਿਹਾ ਸੀ, "ਜਿਸ ਵਿਅਕਤੀ ਨੇ ਗੁਨਾਹ ਕੀਤਾ ਹੈ ਜੇਕਰ ਉਸ ਨੂੰ ਆਪਣੇ ਗੁਨਾਹ ਦਾ ਅਹਿਸਾਸ ਹੀ ਨਹੀਂ ਹੈ, ਪਛਤਾਵਾ ਹੀ ਨਹੀਂ ਹੈ ਤਾਂ ਫਿਰ ਉਹ ਵਿਅਕਤੀ ਦਇਆ ਦਾ ਰਹਿਮ ਦਾ ਹੱਕਦਾਰ ਨਹੀਂ ਹੈ।"