ਬਠਿੰਡਾ ਪੁਲਿਸ ਨੇ 4 ਬਦਮਾਸ਼ਾਂ ਨੂੰ 10 ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਕੀਤਾ ਗ੍ਰਿਫਤਾਰ 

ਬਠਿੰਡਾ, 11 ਜੁਲਾਈ 2024 : ਬਠਿੰਡਾ ਪੁਲਿਸ ਨੇ ਅਪਰਾਧਿਕ ਅਨਸਰਾਂ ਖਿਲਾਫ ਸ਼ਿਕੰਜਾ ਕਸਦਿਆਂ 4 ਬਦਮਾਸ਼ਾਂ ਨੂੰ 10 ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਗ੍ਰਿਫਤਾਰ ਕੀਤੇ ਗਏ ਬਦਮਾਸ਼ਾਂ ਚੋਂ ਦੋ ਦਾ ਸਬੰਧ ਖਤਰਨਾਕ ਗੈਗਸਟਰਾਂ ਨਾਲ ਹੋਣਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਜਿਕਰਯੋਗ ਪਹਿਲੂ ਇਹ ਵੀ ਹੈ ਕਿ ਮੁਲਜਮਾਂ ਦੀ ਉਮਰ 24 ਤੋਂ 27 ਸਾਲ ਦੇ ਵਿਚਕਾਰ ਹੈ ਜੋਕਿ ਆਪਣਾ ਕੈਰੀਅਰ ਬਨਾਉਣ ਦੀ ਹੁੰਦੀ ਹੈ ਪਰ ਇੰਨ੍ਹਾਂ ਨੇ ਜੁਰਮ ਦੀ ਦੁਨੀਆਂ ਦਾ ਰਸਤਾ ਅਖਤਿਆਰ ਕਰ ਲਿਆ। ਪੁਲਿਸ ਮੁਲਜਮਾਂ ਤੋਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰੇਗੀ ਕਿ ਇਹ ਬਦਮਾਸ਼ ਆਖਿਰ ਐਨੀ ਭਾਰੀ ਮਾਤਰਾ ਵਿੱਚ ਅਸਲਾ ਕਿਸੇ ਗੈਂਗਸਟਰ ਗਰੁੱਪ ਨੂੰ ਸਪਲਾਈ ਕਰਨ ਜਾ ਰਹੇ ਸਨ ਜਾਂ ਫਿਰ ਉਨ੍ਹਾਂ ਦੀ ਮਨਸ਼ਾ ਕੋਈ ਵੱਡੀ ਵਾਰਦਾਤ ਕਰਨ ਦੀ ਸੀ। ਸੀਆਈਏ ਸਟਾਫ ਵਨ ਵੱਲੋਂ ਗ੍ਰਿਫਤਾਰ ਮੁਲਜਮਾਂ ਦੀ ਪਛਾਣ ਰਾਮ ਕੁਮਾਰ ਉਰਫ ਬਈਆਂ ਪੁੱਤਰ ਰਾਕੇਸ਼ ਕੁਮਾਰ ਵਾਸੀ ਨੇੜੇ ਬਰਫ ਫੈਕਟਰੀ ਵਾਲੀ ਗਲੀ ਮਕਾਨ ਨੰ: 437, ਵਾਰਡ ਨੰ: 5 ਤੇ ਸੰਦੀਪ ਨਾਗਰ ਉਰਫ ਨਾਗਰ ਪੁੱਤਰ ਸੁਭਾਸ਼ ਕੁਮਾਰ ਵਾਸੀ ਵਾਰਡ ਨੰਬਰ 1 ਨੇੜੇ ਸ਼ਨੀ ਮੰਦਰ ਵਾਸੀਅਨ ਮੰਡੀ ਕਾਲਿਆਂ ਵਾਲੀ ਜਿਲ੍ਹਾ ਸਿਰਸਾ ਹਰਿਆਣਾ ,ਹਰਮਨਪ੍ਰੀਤ ਸਿੰਘ ਉਰਫ ਹਰਮਨ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਭੂੰਦੜ ਅਤੇ ਮਨੀਸ਼ ਕੁਮਾਰ ਪੁੱਤਰ ਰਮੇਸ਼ ਸਿੰਘ ਵਾਸੀ ਮਕਾਨ ਨੰਬਰ 154, ਭਾਠ ਕਲੋਨੀ ਵਾਰਡ ਨੰਬਰ 11 ਰਾਮਾ ਮੰਡੀ ਜਿਲ੍ਹਾ ਬਠਿੰਡਾ ਵਜੋਂ ਕੀਤੀ ਗਈ ਹੈ। ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਵਨ ਨੂੰ ਮਿਲੀ ਇਸ ਕਾਮਯਾਬੀ ਦਾ ਖੁਲਾਸਾ ਅੱਜ ਸੀਨੀਅਰ ਕਪਤਾਨ ਪੁਲਿਸ ਦੀਪਕ ਪਾਰੀਕ ਨੇ ਐਸਪੀ ਡੀ ਅਜੇ ਗਾਂਧੀ ਅਤੇ ਹੋਰ ਪੁਲਿਸ ਅਫਸਰਾਂ ਤੋਂ ਇਲਾਵਾ ਇਸ ਆਪਰੇਸ਼ਨ ਨੂੰ ਨੇਪਰੇ ਚਾੜ੍ਹਨ ਵਾਲੀ ਟੀਮ ਦੀ ਮੌਜੂਦਗੀ ’ਚ ਕੀਤਾ ਹੈ। ਐਸਐਸਪੀ ਨੇ ਸੀਆਈਏ ਸਟਾਫ ਵਨ ਦੇ ਮੁਲਾਜਮਾਂ ਦੀ ਪਿੱਠ ਵੀ ਥਾਪੜੀ ਅਤੇ ਬਣਦਾ ਮਾਣ ਸਨਮਾਨ ਦੇਣ ਦੀ ਗੱਲ ਵੀ ਆਖੀ ਹੈ। ਐਸਐਸਪੀ  ਨੇ ਕਿਹਾ ਕਿ ਪੁਲਿਸ ਦੀ ਇਸ ਕਾਰਵਾਈ ਕਾਰਨ ਇਲਾਕੇ ’ਚ ਅਪਰਾਧਿਕ ਵਾਰਦਾਤਾਂ ਦਾ ਵੱਡਾ ਸੰਭਾਵੀ ਖਤਰਾ ਟਲ ਗਿਆ ਹੈ। ਐਸਐਸਪੀ  ਦੀਪਕ ਪਾਰੀਕ ਨੇ ਦੱਸਿਆ ਕਿ 10-11 ਜੁਲਾਈ ਦੀ ਦਰਮਿਆਨੀ ਰਾਤ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੀ.ਆਈ.ਏ ਸਟਾਫ-1 ਬਠਿੰਡਾ ਦੀ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਰਿੰਗ ਰੋਡ ਵਨ ਤੇ ਨਹਿਰ ਦੀ ਪਟੜੀ ਕੋਲ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪੁਲਿਸ ਪਾਰਟੀ ਨੂੰ ਇੱਕ ਮੋਟਰਸਾਈਕਲ ਤੇ ਸਵਾਰ ਹੋਏ ਚਾਰ ਵਿਅਕਤੀ ਨਜ਼ਰ ਆਏ ਜਿੰਨ੍ਹਾਂ ਕੋਲ  ਇੱਕ ਕਿੱਟ ਬੈਗ ਵੀ ਸੀ। ਪੁਲਿਸ ਪਾਰਟੀ ਨੇ  ਸ਼ੱਕ ਪੈਣ ਤੇ ਇੰਨ੍ਹਾਂ ਮੋਟਰਸਾਈਕਲ ਸਵਾਰ ਨੌਜਵਾਨਾਂ  ਨੂੰ ਰੋਕਿਆ ਅਤੇ ਤਲਾਸ਼ੀ ਲੈਣ  ਦੇ ਨਾਲ  ਨਾਲ ਪੁੱਛਗਿੱਛ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਪੁਲਿਸ ਨੇ ਮੁਲਜਮਾਂ ਦੇ  ਕਿੱਟ ਬੈਗ ਚੋਂ 5 ਪਿਸਤੌਲ ਦੇਸੀ 32 ਬੋਰ, 3 ਪਿਸਤੌਲ ਦੇਸੀ ਕੱਟੇ12 ਬੋਰ , 1 ਪਿਸਤੌਲ ਦੇਸੀ ਕੱਟਾ 315 ਬੋਰ, 1 ਰਿਵਾਲਵਰ 32 ਬੋਰ, 10 ਰੌਂਦ ਜਿੰਦਾ 32 ਬੋਰ, 3 ਕਾਰਤੂਸ 12 ਬੋਰ ਬਰਾਮਦ ਹੋਏ ਹਨ । ਉਨ੍ਹਾਂ ਦੱਸਿਆ ਕਿ ਥਾਣਾ ਕੈਨਾਲ ਕਲੋਨੀ ਪੁਲਿਸ ਨੇ ਇਨ੍ਹਾਂ ਗ੍ਰਿਫਤਾਰੀਆਂ ਦੇ ਸਬੰਧ ’ਚ 11 ਜੁਲਾਈ ਨੂੰ ਧਾਰਾ  25/54/59 ਅਸਲਾ ਐਕਟ, 111 ਬੀ.ਐਨ ਐੱਸ ਤਹਿਤ ਮੁਕੱਦਮਾ ਨੰਬਰ 116 ਦਰਜ ਕੀਤਾ ਹੈ। ਪੁਲਿਸ ਨੇ  ਮੁਲਜਮਾਂ ਵੱਲੋਂ ਵਰਤਿਆ ਜਾ ਰਿਹਾ ਸਪਲੈਂਡਰ ਮੋਟਰਸਾਈਕਲ ਵੀ ਕਬਜੇ ’ਚ ਲੈ  ਲਿਆ ਹੈ। ਪੁਲਿਸ ਨੇ ਇਸ ਮੌਕੇ ਮੁਲਜਮਾਂ ਰਾਮ ਕੁਮਾਰ ਉਰਫ ਬਈਆਂ, ਸੰਦੀਪ ਨਾਗਰ ਉਰਫ ਨਾਗਰ, ਹਰਮਨਪ੍ਰੀਤ ਸਿੰਘ ਉਰਫ ਹਰਮਨ, ਮਨੀਸ਼ ਕੁਮਾਰ ਪੁੱਤਰ ਰਮੇਸ਼ ਸਿੰਘ ਵਾਸੀ ਰਾਮਾ ਮੰਡੀ ਨੂੰ ਗ੍ਰਿਫਤਾਰ ਕਰ ਲਿਆ। ਐੱਸ.ਐੱਸ.ਪੀ. ਨੇ ਦੱਸਿਆ ਕਿ ਮੁੱਢਲੀ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜਮ ਇਹ ਅਸਲਾ ਉੱਤਰ ਪ੍ਰਦੇਸ਼ ਦੇ ਫਿਰੋਜਾਬਾਦ ਤੋਂ ਲੈ ਕੇ ਆਏ ਹਨ। ਪੁਲਿਸ ਇਹ ਵੀ ਪਤਾ ਲਾਏਗੀ ਕਿ ਅਸਲਾ ਉਨ੍ਹਾਂ ਨੇ ਇਕੱਠਾ ਲਿਆਂਦਾ ਹੈ ਜਾਂ ਫਿਰ ਕਿਸੇ ਹੋਰ ਮਾਤਰਾ ’ਚ। ਉਨ੍ਹਾਂ ਦੱਸਿਆ ਕਿ ਹਰਮਨਪ੍ਰੀਤ ਸਿੰਘ ਉਰਫ ਹਰਮਨ ਦੇ ਸਬੰਧ ਗੈਂਗਸਟਰ ਵਿੱਕੀ ਗੌਂਡਰ ਗਰੁੱਪ ਨਾਲ ਸਨ ਪਰ ਅੱਜ ਕੱਲ੍ਹ ਇਸ ਨੇ ਆਪਣੇ ਆਪ ਨੂੰ ਮਨਪ੍ਰੀਤ ਸਿੰਘ ਉਰਫ ਮੰਨਾ ਗੈਂਗਸਟਰ (ਲਾਰੈਂਸ ਬਿਸ਼ਨੋਈ ਗਰੁੱਪ) ਨਾਲ ਜੋੜਿਆ ਹੋਇਆ ਹੈ।ਉਨ੍ਹਾਂ ਦੱਸਿਆ ਕਿ  ਮੁਲਜ਼ਮ ਸੰਦੀਪ ਨਾਗਰ ਦੇ ਸਬੰਧ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਕੇਕੜਾ ਕਾਲਿਆਂ ਵਾਲੀ ਨਾਲ ਹਨ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ  ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ ਜਿਸ ਦੌਰਾਨ ਇੰਨ੍ਹਾਂ ਤੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਐਸਐਸਪੀ ਬਠਿੰਡਾ ਅਨੁਸਾਰ ਰਾਮ ਕੁਮਾਰ ਉਰਫ ਬਈਆ ਖਿਲਾਫ ਕਰੀਬ ਹਰਿਆਣਾ ਅਤੇ ਰਾਜਸਥਾਨ ਵਿੱਚ ਅਸਲਾ ਐਕਟ, ਲੁੱਟਾਂ ਖੋਹਾਂ ਅਤੇ  ਇਰਾਦਾ ਕਤਲ ਦ ਅੱਧੀ ਦਰਜਨ ਮੁਕੱਦਮੇ ਦਰਜ ਹਨ। ਇਸੇ ਤਰਾਂ ਹੀ  ਸੰਦੀਪ ਨਾਗਰ ਉਰਫ ਨਾਗਰ ਖਿਲਾਫ ਬਠਿੰਡਾ ’ਚ ਧਾਰਾ 379 ਤੋਂ ਇਲਾਵਾ ਹਰਿਆਣਾ ’ਚ  ਅਸਲਾ ਐਕਟ, ਲੁੱਟਾਂ ਖੋਹਾਂ ਤੇ ਇਰਾਦਾ ਕਤਲ ਦੇ ਪੰਜ ਮੁਕੱਦਮੇ ਦਰਜ ਹਨ।  ਹਰਮਨਪ੍ਰੀਤ ਸਿੰਘ ਉਰਫ ਹਰਮਨ ਖਿਲਾਫ ਇੱਕ ਮੁਕੱਦਮਾ ਥਾਣਾ ਸੋਹਾਣਾ ’ਚ  ਧਾਰਾ 382,506,34 ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਵਿੱਚ ਅਸਲਾ ਐਕਟ, ਲੁੱਟਾਂ ਖੋਹਾਂ ਅਤੇ  ਇਰਾਦਾ ਕਤਲ ਦ ਅੱਧੀ ਦਰਜਨ ਮੁਕੱਦਮੇ ਦਰਜ ਹਨ। ਮਨੀਸ਼ ਕੁਮਾਰ  ਖਿਲਾਫ ਥਾਣਾ ਸਿਟੀ-2 ਮਾਨਸਾ ’ਚ ਧਾਰਾ  380,457 ਅਤੇ ਬਠਿੰਡਾ ਜਿਲ੍ਹੇ ਦੇ ਥਾਣਾ ਰਾਮਾਂ ’ਚ 25/54/59 ਅਸਲਾ ਐਕਟ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਵਿੱਚ ਲੜ੍ਹਾਈ ਝਗੜਾ ਤੇ ਚੋਰੀ ਦ 4 ਮੁਕੱੱਦਮੇੇ ਦਰਜ ਹਨ।