ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ ਮੁੱਦੇ ਨੂੰ ਲੈ ਕੇ ਵਿਧਾਨ ਸਭਾ ‘ਚ ਮਾਹੌਲ ਗਰਮਾਇਆ, ਕਾਂਗਰਸ ਅਤੇ ਆਪ ਦੇ ਮੰਤਰੀਆਂ-ਵਿਧਾਇਕਾਂ ‘ਚ ਹੋਈ ਤਿੱਖੀ ਬਹਿਸ

ਚੰਡੀਗੜ੍ਹ, 09 ਮਾਰਚ : ਵਿਧਾਨ ਸਭਾ ਦੇ ਬੱਜਟ ਇਜਲਾਸ ਦੇ ਅੱਜ ਚੌਥੇ ਦਿਨ ਸਦਨ ਦੀ ਕਾਰਵਾਈ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਜ਼ੋਰੋ ਖਰੋਸ਼ ਨਾਲ ਉਠਾਇਆ ਗਿਆ। ਜਿਸ ਕਰਕੇ ਕਾਂਗਰਸੀ ਵਿਧਾਇਕਾਂ ਅਤੇ ਸਰਕਾਰ ਦੇ ਮੰਤਰੀਆਂ-ਵਿਧਾਇਕਾਂ ਵਿੱਚ ਤਿੱਖੀ ਜਵਾਬ ਤਲਬੀ ਹੋਈ।ਇਸ ਮੌਕੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਰਕਾਰ ਨੂੰ ਸਵਾਲ ਕਰਦਿਆਂ ਸਵਾਲ ਕੀਤਾ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਸਿੱਧੂ ਦੇ ਮਾਪਿਆਂ ਨੂੰ ਵਿਧਾਨ ਸਭਾ ਦੇ ਬਾਹਰ ਧਰਨੇ ਤੇ ਬੈਠਣ ਲਈ ਮਜ਼ਬੂਰ ਹੋਏ, ਭਾਵੇਂ ਸਰਕਾਰ ਨੇ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕੀਤ ਹੈ, ਉਨ੍ਹਾਂ ਕਿਹਾ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ, ਮਾਤਾ ਚਰਨ ਕੌਰ ਜਿਹੜੇ ਗੈਂਗਸਟਰਾਂ ਅਤੇ ਮੁਲਜ਼ਮਾਂ ਦੇ ਨਾਂਅ ਦੱਸ ਰਹੇ ਹਨ, ਸੂਬਾ ਸਰਕਾਰ ਉਨ੍ਹਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ? ਰਾਜਾ ਵੜਿੰਗ ਦੇ ਇਸ ਸਵਾਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਦਰਦ ਉਨ੍ਹਾਂ ਸਮੇਤ ਪੂਰੇ ਪੰਜਾਬ ਨੂੰ ਹੈ। ਉਨ੍ਹਾਂ ਦੀ ਸਰਕਾਰ ਇਸ ਕੇਸ ਵਿੱਚ ਪੁਰੀ ਜ਼ਿੰਮੇਵਾਰੀ ਨਾਲ ਕੰਮ ਕਰ ਰਹੀ ਹੈ। ਵਾਹਿਗੁਰੂ ਅਜਿਹਾ ਅਸਹਿ ਦੁੱਖ ਕਿਸੇ ਪਰਿਵਾਰ ਨੂੰ ਨਾ ਦੇਵੇ। ਉਹਨਾਂ ਦੱਸਿਆ ਕਿ ਇਸ ਮਾਮਲੇ 'ਚ 40 ਲੋਕਾਂ ਦੇ ਨਾਮ ਦਰਜ ਹਨ, 29 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ 2 ਦਾ ਐਨਕਾਊਂਟਰ ਹੋਇਆ। ਗੋਲਡੀ ਬਰਾੜ ਨੂੰ ਵਿਦੇਸ਼ ਤੋਂ ਲਿਆਉਣ ਦੀ ਪ੍ਰਕਿਰਿਆ ਕੇਂਦਰ ਦੇ ਹੱਥ ਹੈ। ਜ਼ਿਆਦਾਤਰ ਸ਼ੂਟਰ ਨਾਬਾਲਗ ਸਨ। ਸਿੱਧੂ ਮੂਸੇਵਾਲਾ ਦੀ ਸੁਰੱਖਿਆ ਨੂੰ ਲੈ ਕੇ ਅਮਨ ਅਰੋੜਾ ਨੇ ਕਿਹਾ ਕਿ ਸੁਰੱਖਿਆ ਘਟਾਉਣ ਜਾਂ ਵਧਾਉਣ ਸਬੰਧੀ ਗੱਲਾਂ ਤਾਂ ਜਨਤਾ ਵਿਚ ਆ ਹੀ ਜਾਂਦੀਆਂ ਹਨ, ਇਸ ਵਿਚ ਕੋਈ ਵੱਡੀ ਗੱਲ ਨਹੀਂ। ਕਤਲ ਵਾਲੇ ਦਿਨ ਸਿੱਧੂ ਮੂਸੇਵਾਲਾ ਕੋਲ 2 ਸੁਰੱਖਿਆ ਕਰਮਚਾਰੀ ਸਨ ਪਰ ਉਹ ਉਹਨਾਂ ਨੂੰ ਵੀ ਨਹੀਂ ਲੈ ਕੇ ਗਏ ਅਤੇ ਨਾ ਹੀ ਆਪਣੀ ਬੁਲਟ ਪਰੂਫ ਗੱਡੀ ਲੈ ਕੇ ਗਏ। ਕਾਂਗਰਸ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਸ ਮਗਰੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲੇ ਹਨ ਅਤੇ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਕਰਵਾਈ ਜਾਵੇਗੀ। ਮੁੱਖ ਮੰਤੀਰ ਭਗਵੰਤ ਮਾਨ ਨੇ ਇਨਸਾਫ਼ ਦਿਵਾਉਣ ਦਾ ਭਰੋਸਾ ਹੈ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਨੇ ਹਜ਼ਾਰਾਂ ਲੋਕਾਂ ਦੀ ਮੌਤ ’ਤੇ ਸਿਆਸਤ ਕੀਤੀ ਹੈ। ਇਸ ਤੋਂ ਬਾਅਦ ‘ਆਪ’ ਵਿਧਾਇਕਾਂ ਨੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਹੰਗਾਮੇ ਮਗਰੋਂ ਕਾਂਗਰਸ ਨੇ ਵਿਧਾਨ ਸਭਾ ਵਿਚੋਂ ਵਾਕਆਊਟ ਕਰ ਦਿੱਤਾ। ਇਸ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ 'ਚ ਪਿਛਲੇ 12 ਸਾਲਾਂ ਦਾ ਅਪਰਾਧ ਰਿਕਾਰਡ ਪੇਸ਼ ਕੀਤਾ। ਉਹਨਾਂ ਕਿਹਾ ਕਿ ਸਾਲ 2022 'ਚ 'ਆਪ' ਦੇ ਕਾਰਜਕਾਲ ਦੌਰਾਨ ਪੰਜਾਬ 'ਚ ਦੂਜੇ ਨੰਬਰ ’ਤੇ ਸਭ ਤੋਂ ਘੱਟ ਅਪਰਾਧਿਕ ਘਟਨਾਵਾਂ ਵਾਪਰੀਆਂ ਹਨ ਪਰ ਵਿਰੋਧੀ ਧਿਰ ਹਰ ਰੋਜ਼ 'ਆਪ' ਨੂੰ ਬਦਨਾਮ ਕਰ ਰਹੀ ਹੈ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿਚ ਅਪਰਾਧ ਕਰਨ ਵਾਲੇ ਲੋਕ ਭਾਜਪਾ ਸ਼ਾਸਤ ਸੂਬਿਆਂ ਤੋਂ ਆ ਰਹੇ ਹਨ। ਉਹਨਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੇ ਸੂਬੇ ਗੈਂਗਸਟਰਾਂ ਦੀਆਂ ਨਰਸਰੀਆਂ ਬਣੀਆਂ ਹੋਈਆਂ ਹਨ। ਯੂਪੀ ਅਤੇ ਰਾਜਸਥਾਨ ਵਿਚ ਜੁਰਮ ਕਰਨ ਵਾਲੇ ਹਰਿਆਣੇ ਤੋਂ ਜਾਂਦੇ ਹਨ। ਉਹਨਾਂ ਨੇ ਐਨਸੀਆਰਬੀ ਮੁਤਾਬਕ ਪੰਜਾਬ ਨੂੰ 17ਵੇਂ ਨੰਬਰ ’ਤੇ ਦੱਸਿਆ। ਆਰਮਜ਼ ਐਕਟ ਤਹਿਤ ਹੋਣ ਵਾਲੇ ਅਪਰਾਧਾਂ ਦੀ ਰਾਸ਼ਟਰੀ ਔਸਤ 4.8 ਅਤੇ ਪੰਜਾਬ ਦੀ 1.4 ਸੀ। ਜਦਕਿ ਹਰਿਆਣਾ ਦੇ 6, ਯੂਪੀ ਦੇ 13 ਅਤੇ ਰਾਜਸਥਾਨ ਦੇ 17-18 ਦੱਸੇ ਗਏ ਹਨ। ਇਸ ਦੇ ਬਾਵਜੂਦ ਪੰਜਾਬ ਨੂੰ ਬਦਨਾਮ ਕਰਨ ਦੀ ਗੱਲ ਕੀਤੀ ਗਈ ਹੈ। ਮੀਤ ਹੇਅਰ ਨੇ ਕਿਹਾ ਕਿ ਕਾਂਗਰਸ ਦੇ ਯੂਥ ਪ੍ਰਧਾਨ ਗੁਰਲਾਲ ਬਰਾੜ, ਵਿੱਕੀ ਮਿੱਡੂਖੇੜਾ ਮਾਰਿਆ ਗਿਆ। ਸੁੱਖਾ ਕਾਹਲੋਂ ਪੁਲਿਸ ਹਿਰਾਸਤ ਵਿਚ ਮਾਰਿਆ ਗਿਆ। ਪਹਿਲਾਂ ਵੀ ਅਪਰਾਧ ਹੁੰਦੇ ਰਹੇ ਹਨ ਪਰ ਹੁਣ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।