ਵਿਜੀਲੈਂਸ ਬਿਊਰੋ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ

  • ਸ਼ਿਕਾਇਤਕਰਤਾ ਤੋਂ ਪਹਿਲਾਂ ਵੀ ਰਿਸ਼ਵਤ ਵਜੋਂ ਲੈ ਚੁੱਕਾ ਹੈ 20,000 ਰੁਪਏ

ਚੰਡੀਗੜ੍ਹ, 16 ਅਗਸਤ, 2024 : ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਸਦਰ ਲੁਧਿਆਣਾ ਅਧੀਨ ਮਰਾਡੋ ਪੁਲਿਸ ਚੌਕੀ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਪ੍ਰਤਾਪ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਬਿਊਰੋ ਟੀਮ ਨੇ ਏ.ਐਸ.ਆਈ. ਦੀ ਗ੍ਰਿਫ਼ਤਾਰੀ ਉਪਰੰਤ ਜਾਮਾ ਤਲਾਸ਼ੀ ਦੌਰਾਨ ਉਸ ਦੀ ਕਾਰ ਵਿੱਚੋਂ 32,000 ਰੁਪਏ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਗੁਰਜੀਤ ਰਾਏ ਵਾਸੀ ਸ਼ਿਮਲਾਪੁਰੀ, ਲੁਧਿਆਣਾ ਸ਼ਹਿਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਉਕਤ ਥਾਣੇ ਵਿੱਚ ਉਸਦੇ ਖਿਲਾਫ਼ ਪੁਲਿਸ ਕੇਸ ਦਰਜ ਹੈ ਅਤੇ ਇਸ ਕੇਸ ਵਿੱਚ ਉਕਤ ਏ.ਐਸ.ਆਈ. ਪ੍ਰਤਾਪ ਸਿੰਘ ਤਫਤੀਸ਼ੀ ਅਫਸਰ (ਆਈ.ਓ.) ਸੀ। ਉਸਨੇ ਅੱਗੇ ਦੋਸ਼ ਲਗਾਇਆ ਕਿ ਜਾਂਚ ਦੌਰਾਨ ਉਕਤ ਏ.ਐਸ.ਆਈ. ਨੇ ਬਿਨਾਂ ਕਿਸੇ ਲਿਖਾ-ਪੜੀ ਤੋਂ ਉਸਦਾ ਮੋਬਾਈਲ ਫ਼ੋਨ, ਲੈਪਟਾਪ ਅਤੇ ਕੁਝ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਰੱਖ ਲਏ ਸਨ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਗਾਇਆ ਕਿ ਜ਼ਮਾਨਤ ਹੋਣ ਉਪਰੰਤ ਜਦੋਂ ਉਹ ਆਪਣਾ ਸਮਾਨ ਵਾਪਸ ਲੈਣ ਲਈ ਏ.ਐਸ.ਆਈ. ਪ੍ਰਤਾਪ ਸਿੰਘ ਨੂੰ ਮਿਲਿਆ ਤਾਂ ਇਸ ਏ.ਐਸ.ਆਈ. ਨੇ 40000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਉਸਨੂੰ ਕੁਝ ਸਮਾਨ ਵਾਪਸ ਕਰਨ ਬਦਲੇ ਪਹਿਲੀ ਕਿਸ਼ਤ ਵਜੋਂ 20000 ਰੁਪਏ ਰਿਸ਼ਵਤ ਲੈ ਲਈ। ਉਸਨੇ ਅੱਗੇ ਦੱਸਿਆ ਕਿ ਬਾਕੀ ਬਚਦਾ ਸਮਾਨ ਵਾਪਸ ਕਰਨ ਬਦਲੇ ਹੁਣ ਉਕਤ ਏ.ਐਸ.ਆਈ. ਰਿਸ਼ਵਤ ਦੇ ਬਾਕੀ 20000 ਰੁਪਏ ਮੰਗ ਰਿਹਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਮੁੱਢਲੀ ਜਾਂਚ ਉਪਰੰਤ, ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਉਕਤ ਏ.ਐਸ.ਆਈ. ਪ੍ਰਤਾਪ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਦੀ ਦੂਜੀ ਕਿਸ਼ਤ ਵਜੋਂ ਰਿਸ਼ਵਤ ਲੈਂਦਿਆਂ ਮੌਕੇ ਤੇ ਹੀ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਉਕਤ ਏ.ਐਸ.ਆਈ. ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।