ਕਿਸਾਨਾਂ ਵੱਲੋਂ ਭਲਕੇ ਰੇਲ ਰੋਕੋ ਅੰਦੋਲਨ ਦਾ ਐਲਾਨ, ਦੇਸ਼ ਭਰ ਵਿਚ 60 ਥਾਵਾਂ ‘ਤੇ ਰੋਕੀਆਂ ਜਾਣਗੀਆਂ ਰੇਲਾਂ

ਚੰਡੀਗੜ੍ਹ, 9 ਮਾਰਚ : ਕਿਸਾਨ ਆਗੂਆਂ ਵੱਲੋਂ ਭਲਕੇ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਕੱਲ੍ਹ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾਂ ਨੂੰ ਰੋਕਿਆ ਜਾਵੇਗਾ। ਰੇਲ ਰੋਕੋ ਅੰਦੋਲਨ ਨੂੰ ਲੈ ਕੇ ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫਰੰਸ ਕੀਤੀ ਤੇ ਨਾਲ ਹੀ ਉਨ੍ਹਾਂ ਸਾਰੀਆਂ ਥਾਵਾਂ ਦਾ ਪੂਰਾ ਵੇਰਵਾ ਦਿੱਤਾ ਜਿਥੇ ਰੇਲਾਂ ਰੋਕੀਆਂ ਜਾਣਗੀਆਂ।  ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਲਕੇ ਦੇਸ਼ ਭਰ ਵਿਚ 60 ਥਾਵਾਂ ‘ਤੇ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। ਅੰਮ੍ਰਿਤਸਰ ‘ਚ 9 ਤੇ ਫਿਰੋਜ਼ਪੁਰ ‘ਚ 4 ਥਾਵਾਂ ‘ਤੇ, ਤਰਨਤਾਰਨ ‘ਚ 3, ਗੁਰਦਾਸਪੁਰ ‘ਚ 3, ਹੁਸ਼ਿਆਰਪੁਰ ‘ਚ 3, ਪਟਿਆਲਾ, ਮੁਹਾਲੀ ‘ਚ 3 ਥਾਵਾਂ, ਜਲੰਧਰ, ਕਪੂਰਥਲਾ, ਮੋਗਾ, ਮਾਨਸਾ ਤੇ ਫਾਜ਼ਿਲਕਾ ‘ਚ 2 ਥਾਵਾਂ ‘ਤੇ, ਮੁਕਤਸਰ, ਮਲੋਟ, ਗਿੱਦੜਬਾਹਾ ਤੇ ਫਰੀਦਕੋਟ ‘ਚ 2 ਥਾਵਾਂ ‘ਤੇ, ਬਠਿੰਡਾ, ਮਲੇਰਕੋਟਲਾ, ਪਠਾਨਕੋਟ, ਫਤਹਿਗੜ੍ਹ ਸਾਹਿਬ, ਰੋਪੜ ਤੇ ਸੰਗਰੂਰ ‘ਚ 1 ਜਗ੍ਹਾ ‘ਤੇ ਟ੍ਰੇਨ ਰੋਕੀ ਜਾਏਗੀ । ਇਸੇ ਤਰ੍ਹਾਂ ਤਮਿਲਨਾਡੂ ਵਿਚ 10 ਥਾਵਾਂ ਉਤੇ ਟ੍ਰੇਨ ਰੋਕੀ ਜਾਵੇਗੀ। ਯੂਪੀ ਵਿਚ 2 ਥਾਵਾਂ ‘ਤੇ, ਮੇਰਠ ਤੇ ਗੁਜਰਾਂ ਜੰਕਸ਼ਨ ‘ਤੇ 2 ਪੁਆਇੰਟਾਂ ਉਤੇ ਟ੍ਰੇਨ ਰੋਕਣਗੇ। ਉੜੀਸਾ ਵਿਚ 4 ਤੋਂ 6 ਥਾਵਾਂ ਉਤੇ ਟ੍ਰੇਨ ਰੁਕੇਗੀ। ਕਰਨਾਟਕ, ਬਿਹਾਰ, ਰਾਜਸਥਾਨ ਤੇ ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਕੇਰਲਾ, ਵਿਚ ਕਈ ਥਾਵਾਂ ਉਤੇ ਰੇਲ ਰੁਕੇਗੀ। ਦੱਸ ਦੇਈਏ ਕਿ ਅੱਜ ਕਿਸਾਨ ਅੰਦੋਲਨ ਦਾ 26ਵਾਂ ਦਿਨ ਹੈ। ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਕਿਸਾਨ ਡਟੇ ਹੋਏ ਹਨ। MSP ਤੇ ਕਰਜ਼ਾ ਮਾਫੀ ਸਣੇ ਕਈ ਮੰਗਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਵੱਲੋਂ ਭਲਕੇ ਦਿੱਲੀ ਦੇ ਰਾਮਲੀਲਾ ਗਰਾਊਂਡ ਵਿਚ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਨਾਲ ਹੀ ਭਲਕੇ ਕਿਸਾਨ ਆਗੂਆਂ ਵੱਲੋਂ ਰੇਲ ਰੋਕ ਦਾ ਐਲਾਨ ਵੀ ਕੀਤਾ ਗਿਆ ਹੈ।