ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਸਰਗਰਮ, '2% ਸਿੱਖ ਇਕਜੁੱਟ', ਸੁਖਬੀਰ ਬਾਦਲ ਨੇ ਮੁਸਲਮਾਨਾਂ 'ਤੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ, 26 ਦਸੰਬਰ : ਸ਼੍ਰੋਮਣੀ ਅਕਾਲੀ ਦਲ ਸਿੱਖਾਂ ਨੂੰ ਇਕਜੁੱਟ ਕਰਨ ਵਿਚ ਲੱਗਾ ਹੋਇਆ ਹੈ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਸਲਿਮ ਭਾਈਚਾਰੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸੁਖਬੀਰ ਬਾਦਲ ਨੇ ਮੁਸਲਮਾਨਾਂ ਅਤੇ ਸਿੱਖਾਂ ਵਿਚਕਾਰ ਲੀਡਰਸ਼ਿਪ ਤੇ ਆਬਾਦੀ ਦੀ ਤੁਲਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਧਰਮ ਦੇ ਲੋਕ ਇਕਜੁੱਟ ਹੁੰਦੇ ਹਨ ਉਹ ਮਜ਼ਬੂਤ ​​ਹੁੰਦਾ ਹੈ ਪਰ ਜਿਸ ਧਰਮ ਦੇ ਲੋਕ ਇਕਜੁੱਟ ਨਹੀਂ ਹੁੰਦੇ ਉਹ ਧਰਮ ਮਜ਼ਬੂਤ ​​ਨਹੀਂ ਹੁੰਦਾ। ਬਾਦਲ ਨੇ ਉਦਾਹਰਨ ਲਈ, ਕਿਹਾ ਕਿ ਮੁਸਲਮਾਨ ਆਬਾਦੀ ਨੂੰ ਵੇਖੋ, ਦੇਸ਼ ਵਿੱਚ ਮੁਸਲਮਾਨਾਂ ਦੀ ਆਬਾਦੀ 18 ਫੀਸਦੀ ਹੈ, ਪਰ ਉਨ੍ਹਾਂ ਕੋਲ ਲੀਡਰਸ਼ਿਪ ਨਹੀਂ ਹੈ ਕਿਉਂਕਿ ਉਹ ਇਕੱਠੇ ਨਹੀਂ ਹਨ। ਇਸ ਦੇ ਨਾਲ ਹੀ 2 ਫੀਸਦੀ ਆਬਾਦੀ ਹੋਣ ਦੇ ਬਾਵਜੂਦ ਸਿੱਖ ਕੌਮ ਇਕਜੁੱਟ ਹੈ।  

ਸੁਖਬੀਰ ਬਾਦਲ ਅਜਿਹੇ ਬਿਆਨ ਦੇ ਕੇ ਸੱਤਾ ਵਿੱਚ ਨਹੀਂ ਆ ਸਕਦੇ : ਹਰਜੀਤ ਸਿੰਘ ਗਰੇਵਾਲ 
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਦਿੱਤੇ ਇਸ ਬਿਆਨ ਤੋਂ ਬਾਅਦ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਅਜਿਹੇ ਬਿਆਨ ਦੇ ਕੇ ਸੱਤਾ ਵਿੱਚ ਨਹੀਂ ਆ ਸਕਦੇ। ਉਨ੍ਹਾਂ ਕਿਹਾ ਕਿ ਭਾਜਪਾ ਤੋਂ ਬਿਨ੍ਹਾ ਅਕਾਲੀ ਦਲ ਪੰਜਾਬ ਵਿੱਚ ਕਦੇ ਵੀ ਸਰਕਾਰ ਨਹੀਂ ਬਣਾ ਸਕਦਾ। ਇਸ ਤਰ੍ਹਾਂ ਦੀ ਬਿਆਨਬਾਜੀ ਕਰਕੇ ਉਹ ਆਪਣਾ ਤੇ ਸਮਾਜ ਦਾ ਨੁਕਸਾਨ ਹੀ ਕਰਨਗੇ। ਗਰੇਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਧਰਮ ਦੇ ਨਾਂ ਤੇ ਸੱਤਾ ‘ਚ ਵਾਪਸੀ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਅਜਿਹੀ ਬਿਆਨਬਾਜੀ ਨਹੀਂ ਕਰਨੀ ਚਾਹੀਦੀ। ਇਸ ਮੌਕੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਿੱਖਾਂ ਦੇ ਕਈ ਮਸਲੇ ਹੱਲ ਕੀਤੇ ਹਨ, ਉਨ੍ਹਾਂ ਕਿਹਾ ਕਿ ਸਰਕਾਰ ਨੇ 300 ਨਾਵਾਂ ਵਾਲੀ ਕਾਲੀ ਸੂਚੀ ਖ਼ਤਮ ਕਰ ਦਿੱਤੀ ਹੈ, ਜਿਸ ਕਾਰਨ 36 ਸਾਲਾਂ ਤੋਂ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖ ਆਪਚੇ ਵਤਨ ਵਾਪਸ ਨਹੀਂ ਆ ਸਕਦੇ ਸਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਦੇਸ਼ ਭਰ ਵਿੱਚ ਵੀਰ ਬਾਲ ਦਿਵਸ ਮਨਾਇਆ ਜਾ ਰਿਹਾ ਹੈ। ਕਰਤਾਪੁਰ ਲਾਂਘੇ ਅਤੇ 84 ਦੇ ਸਿੱਖ ਦੰਗਿਆ ਦੇ ਮਾਮਲਿਆਂ ਦੀ ਜਾਂਚ ਵੀ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਹੋਈ ਹੈ।