ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਸ਼ੂਟਰਾਂ ਨੂੰ ਕੀਤਾ ਗਿ੍ਰਫਤਾਰ; ਛੇ ਪਿਸਤੌਲ ਬਰਾਮਦ

  • ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ  ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
  • ਗਿ੍ਫਤਾਰ ਕੀਤੇ ਵਿਅਕਤੀ ਹਨ ਹਿਸਟਰੀ ਸ਼ੀਟਰ ਤੇ ਕਈ ਅਪਰਾਧਿਕ ਮਾਮਲਿਆਂ ਵਿੱਚ ਪੰਜਾਬ ਪੁਲਿਸ ਨੂੰ ਲੋੜੀਂਦੇ
  • ਦੋਸ਼ੀ ਵਿਅਕਤੀ ਲਾਰੇਂਸ ਬਿਸ਼ਨੋਈ ਦੇ ਨਿਰਦੇਸ਼ਾਂ ‘ਤੇ ਵਿਰੋਧੀ ਗਿਰੋਹ ‘ਤੇ ਹਮਲਾ ਕਰਨ ਦੀ ਘੜ ਰਹੇ ਸਨ ਸਾਜ਼ਿਸ਼: ਡੀ.ਜੀ.ਪੀ. ਗੌਰਵ ਯਾਦਵ

ਚੰਡੀਗੜ੍ਹ, 22 ਮਈ : ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਮੁੱਖ ਸ਼ੂਟਰਾਂ ਨੂੰ ਗਿ੍ਰਫਤਾਰ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਡੀਜੀਪੀ, ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਹਿਫੂਜ਼ ਉਰਫ ਵਿਸ਼ਾਲ ਖ਼ਾਨ ਵਾਸੀ ਸੈਦਪੁਰਾ, ਡੇਰਾਬੱਸੀ ; ਮਨਜੀਤ ਸਿੰਘ ਉਰਫ ਗੁਰੀ ਵਾਸੀ ਖੇੜੀ ਗੁਜਰਾਂ, ਡੇਰਾਬੱਸੀ ; ਅੰਕਿਤ ਵਾਸੀ ਨਰੈਣਪੁਰ , ਪੰਚਕੂਲਾ ਅਤੇ ਗੋਲਡੀ ਵਾਸੀ ਖੇੜੀ, ਪੰਚਕੂਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨਾਂ ਕੋਲੋਂ 6 ਪਿਸਤੌਲਾਂ ਸਮੇਤ 26 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਖ਼ਤਾ ਇਤਲਾਹ ਤੋਂ ਬਾਅਦ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏ.ਆਈ.ਜੀ. ਏ.ਜੀ.ਟੀ.ਐਫ. ਸੰਦੀਪ ਗੋਇਲ ਦੀ ਅਗਵਾਈ ਵਾਲੀ ਏਜੀਟੀਐਫ ਟੀਮ ਨੇ ਚਾਰ ਸ਼ੂਟਰਾਂ ਨੂੰ ਗਿ੍ਰਫਤਾਰ ਕੀਤਾ ਹੈ, ਜਿਨਾਂ ਨੂੰ ਲਾਰੈਂਸ ਬਿਸ਼ਨੋਈ ਨੇ ਆਪਣੇ ਵਿਰੋਧੀ ਗੈਂਗ ਦੇ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣ / ਹਮਲਾ ਕਰਨ ਦਾ ਕੰਮ ਸੌਂਪਿਆ ਸੀ। ਉਨਾਂ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਚਾਰੇ ਦੋਸ਼ੀ  ਪੁਰਾਣੇ ਅਪਰਾਧਿਕ ਪਿਛੋਕੜ ( ਹਿਸਟਰੀ ਸ਼ੀਟਰ ) ਵਾਲੇ ਹਨ ਅਤੇ ਪੰਜਾਬ ਅਤੇ ਹਰਿਆਣਾ ਰਾਜਾਂ ਵਿੱਚ ਇਰਾਦਾ ਕਤਲ , ਕਾਰ ਖੋਹਣ, ਜਬਰਨ ਵਸੂਲੀ, ਅਸਲਾ ਐਕਟ ਆਦਿ ਸਮੇਤ ਘਿਨਾਉਣੇ ਗੁਨਾਹਾਂ ਦੇ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਮੁਲਜ਼ਮ ਮਹਿਫੂਜ਼ ਉਰਫ ਵਿਸ਼ਾਲ  ਛੇ ਪਿਸਤੌਲਾਂ ਦੀ ਬਰਾਮਦਗੀ ਦੇ ਇੱਕ ਕੇਸ ਵਿੱਚ ਲੋੜੀਂਦਾ ਸੀ, ਜਿਸ ਕੇਸ ਵਿੱਚ ਉਸਦੇ ਇੱਕ ਸਾਥੀ ਨਿਤੀਸ਼ ਰਾਣਾ, ਨੂੰ ਢਕੋਲੀ ਪੁਲੀਸ ਨੇ ਗਿ੍ਰਫਤਾਰ ਕਰ ਲਿਆ ਸੀ ਅਤੇ ਵਿਸ਼ਾਲ ਉਸ ਸਮੇਂ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ ਸੀ। ਦੋਸ਼ੀ ਵਿਸ਼ਾਲ ਮਾਰਚ 2022 ਵਿੱਚ ਮੋਹਾਲੀ ਸਥਿਤ ਇੱਕ ਪਬ ਐਂਡ ਰੈਸਟੋਰੈਂਟ, ਬਰੀਊ ਬ੍ਰੋਸ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਵੀ ਸ਼ਾਮਲ ਸੀ। ਉਨਾਂ ਕਿਹਾ ਕਿ ਉਸਨੇ ਪੈਸੇ ਵਸੂਲਣ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ‘ਤੇ ਗੋਲੀਬਾਰੀ ਕੀਤੀ ਸੀ। ਏ.ਡੀ.ਜੀ.ਪੀ. ਪ੍ਰਮੋਦ ਬਾਨ ਨੇ ਕਿਹਾ ਕਿ ਹੋਰ ਤਫ਼ਤੀਸ਼ ਜਾਰੀ ਹੈ ਅਤੇ ਜਾਂਚ ਦੌਰਾਨ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਆਸ ਹੈ। ਜ਼ਿਕਰਯੋਗ ਹੈ ਕਿ  ਥਾਣਾ ਸਿਟੀ ਐਸ.ਏ.ਐਸ.ਨਗਰ ਵਿਖੇ  ਆਈ.ਪੀ.ਸੀ. ਦੀ ਧਾਰਾ 384 ਅਤੇ 120-ਬੀ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।