AGTF ਨੇ ਗੈਂਟਸਟਰ ਸੁਨੀਲ ਭੰਡਾਰੀ ਸਮੇਤ 5 ਨੂੰ ਕੀਤਾ ਗ੍ਰਿਫਤਾਰ, 5 ਪਿਸਤੌਲ ਤੇ 40 ਕਾਰਤੂਸ ਬਰਾਮਦ

ਲੁਧਿਆਣਾ, 14 ਅਗਸਤ 2024 : ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਗੈਂਗਸਟਰਾਂ ਖਿਲਾਫ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਗੈਂਗਸਟਰ ਸੁਨੀਲ ਭੰਡਾਰੀ ਅਤੇ ਉਸਦੇ 5 ਸਾਥੀਆਂ ਨੂੰ ਗਿਰਫ਼ਤਾਰ ਕੀਤਾ ਹੈ ਅਤੇ ਇਸਦੇ ਨਾਲ ਹੀ 5 ਪਿਸਤੌਲ ਅਤੇ 40 ਕਾਰਤੂਸ ਵੀ ਬਰਾਮਦ ਕੀਤੇ ਹਨ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ‘ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਆਪਣੀ ਪੋਸਟ ‘ਚ ਉਨ੍ਹਾਂ ਲਿਖਿਆ ਹੈ ਕਿ, “ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੰਗਠਿਤ ਅਪਰਾਧ ਦੇ ਖਾਤਮੇ ਲਈ ਪੰਜਾਬ ਪੁਲਿਸ ਵੱਲੋਂ ਅਣਥੱਕ ਮਿਹਨਤ ਕੀਤੀ ਜਾ ਰਹੀ ਹੈ ਇਸੇ ਦੇ ਤਹਿਤ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਮਾਸਟਰ ਮਾਇੰਡ ਸੁਨੀਲ ਭੰਡਾਰੀ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਫਿਰੋਜ਼ਪੁਰ ਵਿੱਚ ਹੋਏ ਤਿੰਨ ਕਤਲਾਂ ਸਮੇਤ ਕਈ ਮਾਮਲਿਆਂ ਦੇ ਵਿੱਚ ਇਹ ਪੁਲਿਸ ਨੂੰ ਲੁੜੀਂਦੇ ਸਨ ਫੜਿਆ ਗਿਆ ਗੈਂਗਸਟਰ ਸੁਨੀਲ ਭੰਡਾਰੀ 31 ਜੁਲਾਈ 2014 ਨੂੰ ਹੋਏ ਕਤਲ ਦਾ ਮਾਸਟਰ ਮਾਇੰਡ ਸੀ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਰਾਜਪੁਰਾ ਦੇ ਨੇੜਿਓਂ ਇਸ ਗਿਰੋਹ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਫੜੇ ਗਏ ਅਪਰਾਧੀਆਂ ਕੋਲੋਂ ਪੰਜ ਪਿਸਤੌਲ ਅਤੇ 40 ਜਿੰਦਾ ਕਾਰਤੂਸ ਬਰਾਮਦ ਹੋਏ ਹਨ।  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਜ਼ਾਦੀ ਦਿਵਸ-2024 ਦੇ ਸ਼ਾਂਤਮਈ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਅਪਰਾਧਕ ਗਿਰੋਹ  ਦਾ ਪਰਦਾਫਾਸ਼ ਕਰਦਿਆਂ ਇਸਦੇ ਮਾਸਟਰਮਾਈਂਡ ਸੁਨੀਲ ਭੰਡਾਰੀ ਉਰਫ਼ ਨਾਟਾ, ਜੋ ਫਿਰੋਜ਼ਪੁਰ ਵਿੱਚ ਹਾਲ ਹੀ ‘ਚ ਹੋਏ ਕਤਲ ਦੀਆਂ ਵਾਰਦਾਤਾਂ ਅਤੇ ਹੋਰ ਘਿਨਾਉਣੇ ਅਪਰਾਧਾਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ, ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਸੰਭਾਵੀ ਅਪਰਾਧਕ ਗਤੀਵਿਧੀਆਂ ਨੂੰ ਸਫ਼ਲਤਾਪੂਰਵਕ ਟਾਲ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ  ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਫੜੇ ਗਏ ਬਾਕੀ ਚਾਰ ਮੁਲਜ਼ਮਾਂ ਦੀ ਪਛਾਣ ਰਾਹੁਲ ਭੰਡਾਰੀ, ਵਰਿੰਦਰ ਸਿੰਘ, ਕਰਨ, ਅਮਨਦੀਪ ਸਿੰਘ ਸਾਰੇ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ। ਏਜੀਟੀਐਫ ਟੀਮਾਂ ਨੇ ਮੁਲਜ਼ਮਾਂ ਕੋਲੋਂ ਪੰਜ ਆਧੁਨਿਕ ਹਥਿਆਰ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ.30 ਬੋਰ ਦੇ ਤਿੰਨ ਚੀਨੀ ਪਿਸਤੌਲ ਅਤੇ .32 ਬੋਰ ਦੇ ਦੋ ਪਿਸਤੌਲਾਂ ਸਮੇਤ 40 ਕਾਰਤੂਸ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਿਸ ਟੀਮ ਨੇ ਮੁਲਜ਼ਮਾਂ ਦੀ ਮਹਿੰਦਰਾ ਐਕਸਯੂਵੀ 700 ਅਤੇ ਇਨੋਵਾ ਕ੍ਰਿਸਟਾ ਸਮੇਤ ਦੋ ਵਾਹਨਾਂ ਨੂੰ ਵੀ ਜ਼ਬਤ ਕਰ ਲਿਆ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਨਾਟਾ 31 ਜੁਲਾਈ 2024 ਨੂੰ ਫਿਰੋਜ਼ਪੁਰ ਵਿਖੇ ਹੋਏ ਲਵਪ੍ਰੀਤ ਸਿੰਘ ਦੇ ਦਿਨ-ਦਿਹਾੜੇ ਸਨਸਨੀਖੇਜ਼ ਕਤਲ ਦਾ ਮਾਸਟਰਮਾਈਂਡ ਹੈ ਅਤੇ ਮੁਲਜ਼ਮ ਰਾਹੁਲ ਭੰਡਾਰੀ ਅਤੇ ਵਰਿੰਦਰ ਵੀ ਉਸ ਨਾਲ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਵਾਈ ਦੇ ਵੇਰਵੇ ਦਿੰਦਿਆਂ ਏਡੀਜੀਪੀ ਏਜੀਟੀਐਫ ਪ੍ਰਮੋਦ ਬਾਨ ਨੇ ਦੱਸਿਆ ਕਿ ਖੁਫ਼ੀਆ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ, ਏਆਈਜੀ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀਆਂ ਏਜੀਟੀਐਫ ਟੀਮਾਂ ਨੇ ਮੁਲਜ਼ਮਾਂ ਦਾ ਪਤਾ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਰਾਜਪੁਰਾ 'ਚ ਨੈਸ਼ਨਲ ਹਾਈਵੇਅ ਨੇੜੇ ਘੇਰ ਕੇ ਸਫ਼ਲਤਾਪੂਰਵਕ ਕਾਬੂ ਕਰ ਲਿਆ। ਦੱਸਣਯੋਗ ਹੈ ਕਿ ਉਕਤ ਮੁਲਜ਼ਮ ਸੂਬੇ ਨੂੰ ਛੱਡ ਕੇ ਭੱਜਣ ਦੀ ਫ਼ਿਰਾਕ ਵਿੱਚ ਸਨ। ਉਨ੍ਹਾਂ ਦੱਸਿਆ ਕਿ ਫੜੇ ਗਏ ਸਾਰੇ ਮੁਲਜ਼ਮਾਂ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਜਿਸ ਮੁਤਾਬਕ ਮੁਲਜ਼ਮ ਨਾਟਾ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼ ਆਦਿ ਸਮੇਤ 15 ਦੇ ਕਰੀਬ ਐਫਆਈਆਰ ਦਰਜ ਹਨ, ਮੁਲਜ਼ਮ ਰਾਹੁਲ ਭੰਡਾਰੀ ’ਤੇ ਦੋ ਕਤਲ ਸਮੇਤ ਚਾਰ ਅਪਰਾਧਕ ਕੇਸ ਦਰਜ ਹਨ, ਮੁਲਜ਼ਮ ਵਰਿੰਦਰ ’ਤੇ ਕਤਲ ਨਾਲ ਸਬੰਧਤ ਇੱਕ ਅਪਰਾਧਕ ਕੇਸ ਦਰਜ ਹੈ ਅਤੇ ਮੁਲਜ਼ਮ ਅਮਨਦੀਪ ਸਿੰਘ ‘ਤੇ ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਐਨਡੀਪੀਐਸ ਅਤੇ ਆਬਕਾਰੀ ਐਕਟ ਨਾਲ ਸਬੰਧਤ ਅਪਰਾਧਾਂ ਸਮੇਤ ਕਰੀਬ 12 ਐਫਆਈਆਰ ਦਰਜ ਹਨ, ਜਦੋਂਕਿ ਮੁਲਜ਼ਮ ਕਰਨ ‘ਤੇ ਕਤਲ ਦੀ ਕੋਸ਼ਿਸ਼ ਸਮੇਤ ਦੋ ਅਪਰਾਧਕ ਮਾਮਲੇ ਦਰਜ ਹਨ। ਏ.ਡੀ.ਜੀ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਰਨ ਸੁਨੀਲ ਭੰਡਾਰੀ ਉਰਫ਼ ਨਾਟਾ ਦਾ ਦੂਰ ਦਾ ਰਿਸ਼ਤੇਦਾਰ ਹੈ ਅਤੇ ਉਹ ਇਸ ਗਿਰੋਹ ਵਾਸਤੇ ਲੁਕਣ ਲਈ ਗੁਪਤ ਟਿਕਾਣਿਆਂ ਦਾ ਪ੍ਰਬੰਧ ਕਰਦਾ ਸੀ, ਜਦਕਿ ਅਮਨਦੀਪ ਸਿੰਘ ਜੋ ਕਿ ਪੇਸ਼ੇ ਤੋਂ ਡਰਾਈਵਰ ਹੈ ਅਤੇ ਗਿਰਫ਼ਤਾਰੀ ਸਮੇਂ ਵੀ ਐਸਯੂਵੀ ਗੱਡੀ ਚਲਾ ਰਿਹਾ ਸੀ, ਮੁਲਜ਼ਮਾਂ ਨੂੰ ਸੂਬੇ ਤੋਂ ਭੱਜਣ ਵਿੱਚ ਮਦਦ ਕਰ ਕਰ ਰਿਹਾ ਸੀ। ਇਸ ਸਬੰਧੀ ਪੁਲਿਸ ਥਾਣਾ ਪੰਜਾਬ ਸਟੇਟ ਕਰਾਈਮ, ਐਸ.ਏ.ਐਸ. ਨਗਰ ਵਿਖੇ ਅਸਲਾ ਐਕਟ ਦੀ ਧਾਰਾ 25(6)(7) ਤਹਿਤ ਐਫ.ਆਈ.ਆਰ. ਨੰਬਰ 30 ਮਿਤੀ 14/08/2024 ਦਰਜ ਕੀਤੀ ਗਈ ਹੈ।