ਆਪ ਸਰਕਾਰ ਚੋਣਾਂ ਲਈ ਪੰਜਾਬ ਦੇ ਕੀਮਤੀ ਸਰੋਤਾਂ ਹੋਰਨਾਂ ਸੂਬਿਆਂ ’ਚ ਬਰਬਾਦ ਨਾ ਕਰੇ : ਪ੍ਰਧਾਨ ਵੜਿੰਗ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੂਬੇ ਤੋਂ ਲੰਬੀ ਗੈਰਹਾਜ਼ਰੀ ’ਤੇ ਸਵਾਲ ਉਠਾਉਂਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਪ ਸਰਕਾਰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਲਈ ਪੰਜਾਬ ਦੇ ਕੀਮਤੀ ਸਰੋਤਾਂ ਨੂੰ ਬਰਬਾਦ ਨਾ ਕਰੇ। ਪ੍ਰਧਾਨ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ਼ ਕਸਦਿਆਂ ਕਿਹਾ ਕਿ ਤੁਸੀਂ ਪੰਜਾਬ ਦੇ, ਪੰਜਾਬੀਆਂ ਵੱਲੋਂ ਬਣਾਏ ਗਏ ਮੁੱਖ ਮੰਤਰੀ ਹੋ, ਨਾ ਕਿ ਕਿਸੇ ਹੋਰ ਲਈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਰਾਸ਼ਟਰਪਤੀ ਦੇ ਪ੍ਰੋਗਰਾਮ ਤੋਂ ਗੈਰਹਾਜ਼ਰੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਇਹ ਮੁੱਖ ਮੰਤਰੀ ਦਾ ਵਿਸ਼ੇਸ਼ ਅਧਿਕਾਰ ਹੈ ਕਿ ਉਹ ਤੈਅ ਕਰਨ ਕਿ ਕਿਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ।  ਪਰ ਸਿਧਾਂਤਕ ਤੌਰ ’ਤੇ ਉਨ੍ਹਾਂ ਨੂੰ ਇੱਥੇ ਮੌਜੂਦ ਹੋਣਾ ਚਾਹੀਦਾ ਸੀ, ਕਿਉਂਕਿ ਰਾਸ਼ਟਰਪਤੀ ਪਹਿਲੀ ਵਾਰ ਸੂਬੇ ’ਚ ਆਏ ਸਨ।  ਪ੍ਰਧਾਨ ਵੜਿੰਗ ਨੇ ਦੋਸ਼ ਲਗਾਉਂਦਿਆਂ ਕਿਹਾ ਚੋਣਾਂ ਵਾਲੇ ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਪੰਜਾਬ ਦੇ ਵਸੀਲਿਆਂ ਦੀ ਬਰਬਾਦੀ ਕੀਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸੂਬਿਆਂ ਵਿੱਚ ਇਸ਼ਤਿਹਾਰਾਂ ਲਈ ਵੱਡੀ ਰਕਮ ਖਰਚ ਕੀਤੀ ਜਾ ਰਹੀ ਹੈ। ਜਦੋਂ ਕਿ ਪੰਜਾਬੀਆਂ ਦੇ ਖਰਚੇ ’ਤੇ ਵਿਧਾਇਕਾਂ ਅਤੇ ਹੋਰ ਲੋਕਾਂ ਦੇ ਜਹਾਜ਼ ਗੁਜਰਾਤ ਭੇਜੇ ਜਾ ਰਹੇ ਹਨ। ਉਹ ਹੈਰਾਨ ਹੈ ਕਿ ਅਜਿਹੇ ਸੂਬੇ ਵਿੱਚ ਵਿੱਤੀ ਅਤੇ ਮਨੁੱਖੀ ਵਸੀਲਿਆਂ ਦੀ ਬਰਬਾਦੀ ਕਿਸ ਮਕਸਦ ਲਈ ਕੀਤੀ ਜਾ ਰਹੀ ਹੈ, ਜਿੱਥੇ ਸਾਰੇ ਸਰਵੇਖਣ ਦੱਸਦੇ ਹਨ ਕਿ ‘ਆਪ’ ਨੂੰ ਗੁਜਰਾਤ ਵਿੱਚ 182 ਵਿੱਚੋਂ ਇੱਕ ਵੀ ਸੀਟ ਨਹੀਂ ਮਿਲੇਗੀ, ਭਾਵੇਂ ਕਿ ਇਹ ਭਵਿੱਖਬਾਣੀ ਵੀ ਕੀਤੀ ਗਈ ਹੈ ਕਿ ਉਸਨੂੰ ਹਿਮਾਚਲ ਪ੍ਰਦੇਸ਼ ਵਿੱਚ ਇੱਕ ਵੀ ਸੀਟ ਨਹੀਂ ਮਿਲੇਗੀ। ਪਰ ਸਾਨੂੰ ਚੋਣ ਨਤੀਜਿਆਂ ਦੀ ਬਜਾਏ, ਪੰਜਾਬ ਅਤੇ ਪੰਜਾਬੀਆਂ ਦੀ ਚਿੰਤਾ ਹੈ, ਜਿਨ੍ਹਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਚੁਣਿਆ ਹੈ, ਨਾ ਕਿ ਅਰਵਿੰਦ ਕੇਜਰੀਵਾਲ ਦੀਆਂ ਸੇਵਾਵਾਂ ਅਤੇ ਪੰਜਾਬ ਦੇ ਹਿੱਤਾਂ ਦੀ ਕੀਮਤ ’ਤੇ ਉਨ੍ਹਾਂ ਦੀਆਂ ਕੌਮੀ ਇੱਛਾਵਾਂ ਪੂਰੀਆਂ ਕਰਨ ਲਈ।