ਪਿੰਡ ਛਾਹੜ ਦੇ ਇੱਕ ਸ਼ੈਲਰ ਵਿੱਚ 5 ਪ੍ਰਵਾਸੀ ਮਜ਼ਦੂਰਾਂ ਦੀ ਅੰਗੀਠੀ ਦੇ ਧੂੰਏ ਕਾਰਨ ਦਮ ਘੁਟਣ ਕਰਕੇ ਮੌਤ, ਇੱਕ ਦੀ ਹਲਾਤ ਗੰਭੀਰ

ਊਧਮ ਸਿੰਘ ਵਾਲਾ ਸੁਨਾਮ, 09 ਜਨਵਰੀ : ਇੱਥੋਂ ਨੇੜਲੇ ਪਿੰਡ ਛਾਹੜ ਦੇ ਇੱਕ ਸ਼ੈਲਰ ਵਿੱਚ 5 ਪ੍ਰਵਾਸੀ ਮਜ਼ਦੂਰਾਂ ਦੀ ਅੰਗੀਠੀ ਦੇ ਧੂੰਏ ਕਾਰਨ ਦਮ ਘੁਟਣ ਕਰਕੇ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸ਼ੈਲਰ ਮਾਲਕ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਤਕਰੀਬਨ 07 ਵਜੇ ਫੋਨ ਆਇਆ ਕਿ ਲੇਵਰ ਉੱਠੀ ਨਹੀਂ, ਇਸ ਤੇ ਉਨ੍ਹਾਂ ਕਿਹਾ ਕਿ ਦੁਬਾਰਾ ਉਨ੍ਹਾਂ ਨੂੰ ਉਠਾਓ, ਜਦੋਂ ਕੋਸ਼ਿਸ਼ ਕਰਨ ਤੇ ਮਜ਼ਦੂਰ ਨਾ ਉੱਠੇ ਤਾਂ ਦਰਵਾਜਾ ਤੋੜਨ ਲਈ ਕਿਹਾ, ਜਿਵੇਂ ਹੀ ਦਰਵਾਜਾ ਤੋੜਿਆ ਤਾਂ ਕਮਰੇ ਵਿੱਚੋਂ ਇੱਕ ਦਮ ਧੂੰਆਂ ਬਾਹਰ ਨਿਕਲਿਆ, ਜਦੋਂ ਉਕਤ ਵਿਅਕਤੀਆਂ ਨੇ ਕਮਰੇ ਵਿੱਚ ਸੁੱਤੇ ਮਜ਼ਦੂਰਾਂ ਨੂੰ ਦੇਖਿਆ ਤਾਂ ਉਨ੍ਹਾਂ ਵਿੱਚੋਂ 5 ਦੀ ਮੌਤ ਹੋ ਚੁੱਕੀ ਸੀ, ਜਦੋਂ ਕਿ ਇੱਕ ਦੇ ਸ਼ਾਹ ਚੱਲ ਰਹੇ ਸਨ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਅਤੇ ਇਸ ਘਟਨਾਂ ਸਬੰਧ ਸਬੰਧਿਤ ਪੁਲਿਸ ਥਾਣੇ ਦਿੱਤੀ ਗਈ। ਇਸ ਸਬੰਧੀ ਮਜ਼ਦੂਰਾਂ ਦੇ ਠੇਕੇਦਾਰ ਨੇ ਦੱਸਿਆ ਕਿ ਮ੍ਰਿਤਕ ਮਜ਼ਦੂਰ ਬਿਹਾਰ ਤੋਂ ਸਨ, ਜੋ ਉਨ੍ਹਾਂ ਕੋਲ ਮਿਹਨਤ - ਮਜ਼ਦੂਰੀ ਦਾ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਕਤ ਮਜ਼ਦੂਰ ਜਦੋਂ ਸੁੱਤੇ ਤਾਂ ਉਨ੍ਹਾਂ ਨੇ ਆਪਣੇ ਕੋਲ ਅੰਗੀਠੀ ਬਾਲੀ ਹੋਈ ਸੀ। ਸਵੇਰੇ ਸਮੇਂ ਜਦੋਂ ਉਹ ਨਾ ਉੱਠੇ ਤਾਂ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਨਾ ਉੱਠੇ ਤਾਂ ਮੌਕੇ ਤੇ ਮੌਜ਼ੂਦ ਲੋਕਾਂ ਦੀ ਸਹਾਇਤਾ ਨਾਲ ਕਮਰੇ ਦਾ ਦਰਵਾਜਾ ਤੋੜਿਆ ਗਿਆ, ਉਨ੍ਹਾਂ ਦੱਸਿਆ ਕਿ 5 ਮਜ਼ਦੂਰ ਤਾਂ ਮਰ ਚੁੱਕੇ ਸਨ, ਤੇ ਇੱਕ ਦੀ ਹਾਲਤ ਗੰਭੀਰ ਸੀ। ਠੇਕੇਦਾਰ ਨੇ ਦੱਸਿਆ ਕਿ ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰਿਕ ਅਤੇ ਰਿਸ਼ਤੇਦਾਰਾਂ ਨੂੰ ਦੱਸ ਦਿੱਤਾ ਗਿਆ ਹੈ।  ਇਸ ਸਬੰਧੀ ਥਾਣਾ ਮੁਖੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ 5 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਿੰਨ੍ਹਾਂ ਦੀ ਪਹਿਚਾਣ ਠੇਕੇਦਾਰ ਦੇ ਦੱਸਣ ਅਨੁਸਾਰ ਸਤਨਰਾਇਣ, ਸਚਿਨ, ਕਰਨ, ਰਾਥੇ, ਅਨੰਤ ਕੁਮਾਰ ਵਜੋਂ ਹੋਈ ਹੈ, ਜਦੋਂ ਕਿ ਜ਼ੇਰੇ ਇਲਾਜ ਰੁਧਰ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।