
ਚੰਡੀਗੜ੍ਹ, 17 ਅਪ੍ਰੈਲ 2025 : ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਵਾਪਰੇ ਸੜਕ ਹਾਦਸਿਆਂ ਵਿੱਚ 4 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਤੀ ਪਤਨੀ ਨਕੋਦਰ ਦਰਗਾਹ ਦੇ ਮੱਥਾ ਟੇਕਣ ਲਈ ਜਾ ਰਹੇ ਸਨ ਕਿ ਉਨ੍ਹਾਂ ਦੇ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਸਾਈਕਲ ਤੇ ਸਵਾਰ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦੇ ਪਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੁਨੀਲ ਕੁਮਾਰ ਤੇ ਰਵੀਨਾ ਵਜੋਂ ਹੋਈ ਹੈ। ਸੋਨੂੰ ਨਾਮ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਮ੍ਰਿਤਕ ਸੁਨੀਲ ਕੁਮਾਰ ਤੇ ਰਵੀਨਾ ਦੇ ਦੋ ਛੋਟੇ ਬੱਚੇ ਹਨ; ਬੀਤੀ ਰਾਤ ਹੀ ਉਨ੍ਹਾਂ ਨੇ ਆਪਣੀ ਧੀ ਦਾ ਜਨਮ ਦਿਨ ਮਨਾਇਆ ਸੀ ਅਤੇ ਅੱਜ ਉਹ ਪਰਿਵਾਰ ਦੀ ਖੁਸ਼ੀ ਅਤੇ ਤੰਦਰੁਸ਼ਤੀ ਲਈ ਨਕੋਦਰ ਵਿਖੇ ਮੱਥਾ ਟੇਕਣ ਲਈ ਜਾ ਰਹੇ ਹਨ, ਉਨ੍ਹਾਂ ਨੂੰ ਲਾਂਬੜਾ ਨਜਦੀਕ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਕਾਫੀ ਦੂਰ ਤੱਕ ਰਵੀਨਾ ਨੂੰ ਘਸੀਟਦਾ ਲੈ ਗਿਆ। ਸੋਨੂੰ ਨੇ ਦੱਸਿਆ ਕਿ ਬੱਚਿਆਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਕਾਰ ਚਾਲਕ ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਲਾਂਬੜਾ ਪੁਲਿਸ ਵੱਲੋਂ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਹੀ ਹੈ। ਦੂਸਰੀ ਘਟਨਾਂ ਫਿਰੋਜ਼ਪੁਰ ਦੀ ਹੈ ਜਿੱਥੇ ਇੱਕ ਪਿਕਅਪ ਗੱਡੀ ਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਮਾਂ-ਪੁੱਤ ਦੀ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਮਾਂ-ਪੁੱਤ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਵਾਪਸ ਜਾ ਰਹੇ ਸਨ ਕਿ ਪਿੰਡ ਬੱਗੇ ਵਾਲਾ ਨਜ਼ਦੀਕ ਸੜਕ ਤੇ ਰੇਤਾ ਪਿਆ ਹੋਣ ਕਾਰਨ ਤੇਜ਼ ਰਫਤਾਰ ਪਿਕਅੱਪ ਗੱਡੀ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਗੱਡੀ ਮੋਟਰਸਾਈਕਲ ਵਿੱਚ ਜਾ ਵੱਜੀ, ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਮਾਂ ਪੁੱਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬਲਜੀਤ ਕੌਰ ਪਤਨੀ ਮਨਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਨਿਹਾਲਾ ਲਵੇਰਾ (ਫਿਰੋਜ਼ਪੁਰ) ਵਜੋਂ ਹੋਈ ਹੈ। ਮੌਕੇ ਤੇ ਪੁੱਜੀ ਪੁਲਿਸ ਪਾਰਟੀ ਵੱਲੋਂ ਦੋਵੇਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰਦਿੱਤੀ ਹੈ।