ਸੁਨਾਮ 'ਚ ਸ਼ੈਲਰ ਦੀ ਉਸਾਰੀ ਅਧੀਨ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ, ਦੋ ਮਜ਼ਦੂਰ ਗੰਭੀਰ ਜ਼ਖਮੀ

ਸੁਨਾਮ, 8 ਜੂਨ : ਸੁਨਾਮ ਦੇ ਪਿੰਡ ਕਣਕਵਾਲਾ ਭੰਗੁਆ ਦੇ ਵਿਚ ਸ਼ੈਲਰ ਦੀ ਉਸਾਰੀ ਅਧੀਨ ਕੰਧ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦੋਂਕਿ ਦੋ ਮਜ਼ਦੂਰ ਇਸ ਹਾਦਸੇ ਵਿਚ ਜ਼ਖਮੀ ਦੱਸੇ ਜਾ ਰਹੇ ਹਨ।  ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮਜ਼ਦੂਰ ਸੈਲਰ ਦੀ ਕੰਧ ਨੂੰ ਪਲਸਤਰ ਕਰ ਰਹੇ ਸਨ ਤਾਂ ਪਲਸਤਰ ਕਰਨ ਲਈ ਬਣਾਈ ਪੈੜ ਦੇ ਟੁੱਟ ਜਾਣ ਕਾਰਨ ਉਕਤ ਮਜ਼ਦੂਰ ਕਾਫ਼ੀ ਉਚਾਈ ਤੋਂ ਹੇਠਾਂ ਡਿੱਗ ਪਏ, ਜਿਸ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜਖ਼ਮੀ ਹੋ ਗਏ। ਮ੍ਰਿਤਕ ਮਜ਼ਦੂਰਾਂ ਦੀ ਪਹਿਚਾਣ ਅਮਨਦੀਪ ਸਿੰਘ ਪੁੱਤਰ ਬਿੱਲੂ ਸਿੰਘ, ਬਿੱਟੂ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਹੀਰੋ ਖੁਰਦ ਅਤੇ ਜਨਕ ਰਾਜ ਸਪੁੱਤਰ ਨਛੱਤਰ ਸਿੰਘ ਵਾਸੀ ਧਰਮਗੜ੍ਹ ਸ਼ਾਮਿਲ ਹਨ, ਜਦੋਂ ਕਿ ਗੰਭੀਰ ਜਖ਼ਮੀ ਹੋਏ ਮਜ਼ਦੂਰਾਂ 'ਚ ਜੱਸਾ ਸਿੰਘ ਪੁੱਤਰ ਗਾਜ ਸਿੰਘ ਵਾਸੀ ਧਰਮਗੜ੍ਹ ਅਤੇ ਕ੍ਰਿਸ਼ਨ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਰਤਨਗੜ ਪਾਟਿਆਵਾਲੀ ਸ਼ਾਮਲ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਕਣਕਵਾਲ ਭੰਗੂਆਂ ਦੇ ਸਰਪੰਚ ਮਨਜੀਤ ਸਿੰਘ ਭੰਗੂ ਅਤੇ ਹੀਰੋ ਖੁਰਦ ਦੇ ਸਰਪੰਚ ਭੋਲਾ ਸਿੰਘ ਦੇ ਪੁੱਤਰ ਧਰਮਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਜਖ਼ਮੀ ਹੋਏ ਮਜ਼ਦੂਰਾਂ ਨੂੰ ਤੁਰੰਤ ਸਿਵਲ ਹਸਪਤਾਲ ਸੁਨਾਮ ਵਿਖੇ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਪਟਿਆਲਾ ਲਈ ਰੈਫ਼ਰ ਕਰ ਦਿੱਤਾ ਗਿਆ ।