ਦਸੂਹਾ 'ਚ ਮਿਲੀਆਂ 3 ਲਾਸ਼ਾਂ, ਲੋਕਾਂ ਵਿਚ ਦਹਿਸ਼ਤ ਦਾ ਮਾਹੌਲ

ਦਸੂਹਾ, 9 ਅਗਸਤ 2024 : ਦਸੂਹਾ ਪੁਲਸ ਨੇ ਉੱਚੀ ਬੱਸੀ ਮੁਕੇਰੀਆਂ ਹਾਈਡ੍ਰਲ ਪ੍ਰਾਜੈਕਟ ਨਹਿਰ ਦੇ ਪਾਵਰ ਹਾਊਸ ਨੰਬਰ 05 ਨੇੜੇ ਟੇਰਕਿਆਣਾ ਤੋਂ 2 ਲਾਸ਼ਾਂ ਅਤੇ 1 ਲਾਸ਼ ਦਸੂਹਾ ਸ਼ਹਿਰ ‘ਚ ਬਰਾਮਦ ਕੀਤੀ ਹੈ। ਤਿੰਨ ਲਾਸ਼ਾਂ ਬਰਾਮਦ ਹੋਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਏਐੱਸਆਈ ਰਾਜਵਿੰਦਰ ਸਿੰਘ ਅਤੇ ਏਐੱਸਆਈ ਮਹਿੰਦਰ ਸਿੰਘ ਨੇ ਦੱਸਿਆ ਹੈ ਕਿ ਜੋ 2 ਲਾਸ਼ਾਂ ਉੱਚੀ ਬੱਸੀ ਨਹਿਰ ਵਿੱਚੋਂ ਬਰਾਮਦ ਕੀਤੀਆਂ ਗਈਆ ਹਨ, ਉਨ੍ਹਾਂ ਵਿਚੋਂ ਇਕ ਲਾਸ਼ ਦੀ ਪਛਾਣ ਮਦਨ ਲਾਲ ਪੁੱਤਰ ਕਰਮ ਚੰਦ ਵਾਸੀ ਮੁਹੱਲਾ ਚਾਂਦ ਰਿਸ਼ੀ ਨਗਰ ਹੁਸ਼ਿਆਰਪੁਰ ਵਜੋਂ ਕੀਤੀ ਗਈ ਹੈ। ਉਕਤ ਵਿਅਕਤੀ ਉੱਚੀ ਬੱਸੀ ਨਹਿਰ ਵਿੱਚ ਸਮੱਗਰੀ ਤਾਰਨ ਆਇਆ ਸੀ ਅਤੇ ਪੈਰ ਖਿਸਕਣ ਕਰਕੇ ਨਹਿਰ ਵਿੱਚ ਡਿੱਗ ਗਿਆ ਅਤੇ ਇਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੂਜੀ ਲਾਸ਼ ਵੀ ਜੋ ਨਹਿਰ ਵਿੱਚੋਂ ਮਿਲੀ ਹੈ, ਉਸ ਦੀ ਪਛਾਣ ਨਹੀਂ ਹੋ ਸਕੀ ਅਤੇ ਤੀਜੀ ਲਾਸ਼ ਦਸੂਹਾ ਸ਼ਹਿਰ ਦੇ ਪੀਰਾਂ ਦੇ ਸਥਾਨ ਤੋਂ ਮਿਲੀ ਹੈ, ਜਿਸ ਦੀ ਪਛਾਣ ਕੁਲਦੀਪ ਸ਼ਰਮਾ ਵਾਸੀ ਜਲੰਧਰ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਜਿਨਾ ਲਾਸ਼ਾਂ ਦੀ ਪਹਿਚਾਣ ਹੋ ਚੁੱਕੀ ਹੈ ਉਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਤੀਜੇ ਦੀ ਪਛਾਣ ਲਈ ਕਾਰਵਾਈ ਜਾਰੀ ਹੈ।