ਪਟਿਆਲਾ 'ਚ ਭਾਰੀ ਮੀਂਹ ਕਾਰਨ ਘਰ ਦੀ ਛੱਤ ਡਿੱਗਣ ਨਾਲ 2 ਦੀ ਮੌਤ, ਤਿੰਨ ਜ਼ਖ਼ਮੀ

ਪਟਿਆਲਾ, 19 ਜੁਲਾਈ : ਪਟਿਆਲਾ ਵਿੱਚ ਸਵੇਰੇ ਭਾਰੀ ਮੀਂਹ ਕਾਰਨ ਸ਼ਹਿਰ ਜਲਥਲ ਹੋ ਗਿਆ। ਮੀਂਹ ਕਾਰਨ ਰਾਘੋਮਾਜਰਾ ਇਲਾਕੇ ਵਿੱਚ ਇੱਕ ਪੁਰਾਣੇ ਘਰ ਦੀ ਛੱਤ ਡਿੱਗ ਗਈ। ਇਸ ਹਾਦਸੇ 'ਚ ਘਰ 'ਚ ਸੁੱਤੇ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।  ਜਾਣਕਾਰੀ ਮੁਤਾਬਕ ਇਹ ਹਾਦਸਾ ਮੰਗਲਵਾਰ ਦੇਰ ਰਾਤ ਵਾਪਰਿਆ। ਪਰਵਾਸੀ ਮਜ਼ਦੂਰ ਰਾਘੋਮਾਜਰਾ ਇਲਾਕੇ ਵਿੱਚ ਜੰਗੀ ਜੱਥਾ ਗੁਰਦੁਆਰਾ ਸਾਹਿਬ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਲਗਾਤਾਰ ਬਰਸਾਤ ਕਾਰਨ ਇਸ ਪੁਰਾਣੇ ਮਕਾਨ ਦੀ ਛੱਤ ਡਿੱਗ ਗਈ ਹੈ। ਮ੍ਰਿਤਕਾਂ ਦੀ ਪਛਾਣ ਮੁੰਨਾ ਲਾਲ, ਰਮਾ ਸ਼ੰਕਰ ਵਜੋਂ ਹੋਈ ਹੈ। ਜਦਕਿ 3 ਜ਼ਖਮੀਆਂ ਦੀ ਪਛਾਣ ਗੰਗਾ ਰਾਮ, ਸੰਤੋਸ਼ ਕੁਮਾਰ, ਚਿਰੰਜੀ ਲਾਲ ਵਜੋਂ ਹੋਈ ਹੈ। ਇਸ ਦੇ ਨਾਲ ਹੀ ਭਾਰੀ ਮੀਂਹ ਕਾਰਨ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਹੈ।